ਲੁਧਿਆਣਾ (ਰਾਜ)- ਮਹਾਨਗਰ ਵਿਚ ਨਸ਼ਾ ਤਸਕਰਾਂ ਦੇ ਬੇਖੌਫ਼ ਹੌਸਲਿਆਂ ਤੇ ਪੁਲਸ ਪ੍ਰਸ਼ਾਸਨ ਦੀ ਨਾਕਾਮੀ ਨੂੰ ਉਜਾਗਰ ਕਰਦੀ ਇਕ ਬੇਹੱਦ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਥਾਣਾ ਡਵੀਜ਼ਨ ਨੰਬਰ 7 ਦੇ ਅਧੀਨ ਆਉਂਦੇ ਤਾਜਪੁਰ ਰੋਡ ਸਥਿਤ ਬਿਹਾਰੀ ਕਾਲੋਨੀ ਦੀ ਇਕ ਫੇਸਬੁੱਕ ਲਾਈਵ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਨਸ਼ਾ ਸਮੱਗਲਰ ਸ਼ਰੇਆਮ ਕੈਮਰੇ ਦੇ ਸਾਹਮਣੇ ਨਸ਼ੇ ਦੀਆਂ ਪੁੜੀਆਂ ਤਿਆਰ ਕਰਦਾ ਤੇ ਪੁਲਸ ਨੂੰ ਖੁੱਲ੍ਹੀ ਚੁਣੌਤੀ ਦਿੰਦਾ ਨਜ਼ਰ ਆ ਰਿਹਾ ਹੈ।
ਇਲਾਕੇ ਦੇ ਹੀ ਰਹਿਣ ਵਾਲੇ ਅਵਤਾਰ ਸਾਹਨੀ ਨਾਮੀ ਨੌਜਵਾਨ ਨੇ ਹਿੰਮਤ ਦਿਖਾਉਂਦੇ ਆਪਣੇ ਆਫ਼ੀਸ਼ੀਅਲ ਫੇਸਬੁੱਕ ਅਕਾਊਂਟ ਤੋਂ ਇਹ ਲਾਈਵ ਵੀਡੀਓ ਬਣਾਈ। ਵੀਡੀਓ ਵਿਚ ਕਾਲੇ ਰੰਗ ਦੀ ਟੀ-ਸ਼ਰਟ ਪਾ ਕੇ ਬੈਠਾ ਮੁੱਖ ਸਮੱਗਲਰ ਕੈਮਰੇ ਦੇ ਸਾਹਮਣੇ ਬਿਨਾਂ ਕਿਸੇ ਡਰ ਦੇ ਨਸ਼ੇ ਦੀਆਂ ਪੁੜੀਆਂ 'ਤੇ ਰਬੜ ਬੈਂਡ ਚੜ੍ਹਾ ਰਿਹਾ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਵੀਡੀਓ ਬਣਾ ਰਹੇ ਨੌਜਵਾਨ ਨੇ ਉਸ ਨੂੰ ਪੁਲਸ ਕਾਰਵਾਈ ਤੇ ਜੇਲ੍ਹ ਜਾਣ ਦਾ ਡਰ ਦਿਖਾਇਆ ਤਾਂ ਤਸਕਰ ਨੇ ਡਰਨ ਦੀ ਬਜਾਏ ਸ਼ਾਤਰਾਨਾ ਢੰਗ ਨਾਲ ਮੁਸਕੁਰਾਉਂਦੇ ਕੈਮਰੇ ਵੱਲ ਉਂਗਲਾਂ ਨਾਲ ‘ਵਿਕਟਰੀ’ ਦਾ ਨਿਸ਼ਾਨ ਬਣਾ ਦਿੱਤਾ।
ਇਸ ਵੀਡੀਓ ਦੇ ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲੇ ਹਿੱਸੇ ਵਿਚ ਵੀਡੀਓ ਬਣਾਉਣ ਵਾਲੇ ਨੌਜਵਾਨ ਨੇ ਦਾਅਵਾ ਕੀਤਾ ਕਿ ਉਸ ਨੇ ਸਥਾਨਕ ਪੁਲਸ ਨੂੰ ਅਡਵਾਂਸ ਵਿਚ ‘ਮਹੀਨਾ’ ਦੇ ਰੱਖਿਆ ਹੈ। ਉਸ ਨੇ ਸ਼ਰੇਆਮ ਆਖਿਆ ਕਿ ਜਦੋਂ ਤੱਕ ਉਸ ਦਾ ਦਿੱਤਾ ਹੋਇਆ ਮਹੀਨਾ ਖ਼ਤਮ ਨਹੀਂ ਹੁੰਦਾ, ਉਹ ਆਪਣਾ ਇਹ ਧੰਦਾ ਇਵੇਂ ਹੀ ਜਾਰੀ ਰੱਖੇਗਾ ਅਤੇ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ।
ਸਥਾਨਕ ਲੋਕਾਂ ਅਨੁਸਾਰ ਬਿਹਾਰੀ ਕਾਲੋਨੀ ਪੂਰੀ ਤਰ੍ਹਾਂ ਨਸ਼ੇ ਦਾ ਗੜ੍ਹ ਬਣ ਚੁੱਕੀ ਹੈ, ਜਿੱਥੇ ਸਵੇਰ ਤੋਂ ਦੇਰ ਰਾਤ ਤੱਕ ਨਸ਼ੜੀਆਂ ਦੀ ਭੀੜ ਲੱਗੀ ਰਹਿੰਦੀ ਹੈ। ਲੋਕਾਂ ਦਾ ਦੋਸ਼ ਹੈ ਕਿ ਇਲਾਕੇ ਵਿੱਚ ਪੁਲਸ ਦੀ ਗਸ਼ਤ ਨਾ ਦੇ ਬਰਾਬਰ ਹੈ। ਇਸ ਲਾਈਵ ਵੀਡੀਓ ਨੇ ਲੁਧਿਆਣਾ ਪੁਲਸ ਦੇ ਨਸ਼ਾ-ਵਿਰੋਧੀ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਉੱਚ ਪੁਲਸ ਅਧਿਕਾਰੀ ਇਸ ਵੀਡੀਓ ਦਾ ਨੋਟਿਸ ਲੈ ਕੇ ਮੁਲਜ਼ਮ ਨੂੰ ਸਲਾਖਾਂ ਪਿੱਛੇ ਭੇਜਦੇ ਹਨ ਜਾਂ ਫਿਰ ਤਸਕਰ ਦਾ ਪੁਲਸ ਨਾਲ ਗੰਢਤੁਪ ਦਾ ਦਾਅਵਾ ਸੱਚ ਸਾਬਤ ਹੁੰਦਾ ਹੈ।
ਕੁੜੀ ਬੋਲੀ, FD ਛੱਡੋ, ਪੈਸੇ ਦੁਗਣੇ ਕਰ ਦੇਵਾਂਗੀ...ਫਿਰ ਬਜ਼ੁਰਗ ਨਾਲ ਹੋਇਆ....ਦੋ ਪਰਿਵਾਰਾਂ ਦੇ ਉੱਡੇ ਹੋਸ਼
NEXT STORY