ਕਪੂਰਥਲਾ, (ਭੂਸ਼ਣ)— ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ 'ਚ ਸੀ. ਆਰ. ਪੀ. ਐੱਫ. ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਹਵਾਲਾਤੀਆਂ ਨੂੰ ਅਦਾਲਤੀ ਪੇਸ਼ੀ ਤੋਂ ਬਾਅਦ ਜੇਲ ਕੰਪਲੈਕਸ 'ਚ ਛੱਡਣ ਆਏ ਜਲੰਧਰ ਦਿਹਾਤੀ ਪੁਲਸ ਦੇ ਇਕ ਏ. ਐੱਸ. ਆਈ. ਨੂੰ 50 ਗ੍ਰਾਮ ਚਰਸ ਦੀ ਖੇਪ ਨਾਲ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮ ਏ. ਐੱਸ. ਆਈ. ਦੇ ਖਿਲਾਫ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ ਪਰਵੀਨ ਸਿਨਹਾ ਦੇ ਹੁਕਮਾਂ 'ਤੇ ਸੂਬਾ ਭਰ ਦੀਆਂ ਜੇਲਾਂ 'ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ, ਜਿਸ ਦੌਰਾਨ ਜਲੰਧਰ ਦੀ ਅਦਾਲਤ ਤੋਂ ਹਵਾਲਾਤੀਆਂ ਦੀ ਪੇਸ਼ੀ ਕਰਵਾ ਕੇ ਪਰਤੇ ਜਲੰਧਰ ਦਿਹਾਤੀ ਪੁਲਸ 'ਚ ਤਾਇਨਾਤ ਏ. ਐੱਸ. ਆਈ. ਜਤਿੰਦਰ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ 'ਚ 50 ਗ੍ਰਾਮ ਚਰਸ ਬਰਾਮਦ ਹੋਈ। ਜਦੋਂ ਮੁਲਜ਼ਮ ਏ. ਐੱਸ. ਆਈ. ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਜਲੰਧਰ 'ਚ 2 ਨੌਜਵਾਨ ਚਰਸ ਦੀ ਖੇਪ ਦੇ ਕੇ ਗਏ ਸਨ। ਉਨ੍ਹਾਂ ਨੌਜਵਾਨਾਂ ਦਾ ਉਹ ਨਾਂ ਨਹੀਂ ਜਾਣਦਾ ਪਰ ਉਕਤ ਨੌਜਵਾਨਾਂ ਨੇ ਉਸ ਨਾਲ ਫੋਨ ਕਰ ਕੇ ਸੰਪਰਕ ਕੀਤਾ ਸੀ। ਮੁਲਜ਼ਮ ਨੇ ਜੇਲ ਕੰਪਲੈਕਸ 'ਚ ਬੰਦ ਇਕ ਹਵਾਲਾਤੀ ਨੂੰ ਚਰਸ ਦੀ ਖੇਪ ਦੇਣ ਦੀ ਗੱਲ ਕਹੀ ਹੈ। ਹਵਾਲਾਤੀ ਕੌਣ ਸੀ ਇਸ ਦਾ ਅਜੇ ਕੋਤਵਾਲੀ ਪੁਲਸ ਨੇ ਖੁਲਾਸਾ ਨਹੀਂ ਕੀਤਾ।
ਗ੍ਰਿਫਤਾਰ ਏ. ਐੱਸ. ਆਈ. ਦੇ ਖਿਲਾਫ ਕੋਤਵਾਲੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਏ. ਐੱਸ. ਆਈ. ਦੇ ਨਾਲ ਜੁੜੇ ਨੌਜਵਾਨਾਂ ਦੀ ਜਿਥੇ ਤਲਾਸ਼ ਜਾਰੀ ਹੈ, ਉਥੇ ਕੇਂਦਰੀ ਜੇਲ 'ਚ ਬੰਦ ਮੁਲਜ਼ਮ ਏ. ਐੱਸ. ਆਈ. ਦੇ ਸਾਥੀ ਹਵਾਲਾਤੀ ਨੂੰ ਜਲਦੀ ਹੀ ਪੁੱਛਗਿੱਛ ਵਾਸਤੇ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ। ਗ੍ਰਿਫਤਾਰ ਏ. ਐੱਸ. ਆਈ. ਨੂੰ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਹੇਠ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਮੁਲਜ਼ਮ ਏ. ਐੱਸ. ਆਈ. ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਸ੍ਰੀ ਗੁਰੂ ਰਵਿਦਾਸ ਜਯੰਤੀ ਲਈ ਸਪੈਸ਼ਲ ਰੀਸਟੋਰ ਹੋਣਗੀਆਂ 5 ਰੇਲ ਗੱਡੀਆਂ
NEXT STORY