ਘੱਗਾ, (ਜ. ਬ.)- ਸਥਾਨਕ ਸ਼ਹਿਰ ਵਿਚ ਸਥਿਤ ਗਣੇਸ਼ ਫਿਲਿੰਗ ਸਟੇਸ਼ਨ ਨਾਮਕ ਪੈਟਰੋਲ ਪੰਪ ਦੇ ਪੈਟਰੋਲ 'ਚੋਂ ਪਾਣੀ ਨਿਕਲਣ ਕਾਰਨ ਰੋਹ 'ਚ ਆਏ ਲੋਕਾਂ ਨੇ ਪਾਤੜਾਂ-ਪਟਿਆਲਾ ਮੁੱਖ ਮਾਰਗ ਨੂੰ ਧਰਨਾ ਲਾ ਕੇ ਜਾਮ ਕਰ ਦਿੱਤਾ। ਉਨ੍ਹਾਂ ਪੰਪ ਮਾਲਕ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਹਰੀ ਓਮ ਉਰਫ ਵਿੱਕੀ ਪੁੱਤਰ ਹੇਮ ਰਾਜ ਵਾਸੀ ਘੱਗਾ ਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮੋਟਰਸਾਈਕਲ ਨੰਬਰ ਪੀ ਬੀ 49-5386 ਵਿਚ ਉਕਤ ਪੰਪ ਤੋਂ 250 ਰੁਪਏ ਦਾ ਪੈਟਰੋਲ ਪਵਾਇਆ ਸੀ। ਮੋਟਰਸਾਈਕਲ ਕੁੱਝ ਦੇਰ ਚੱਲ ਕੇ ਰੁਕ ਗਿਆ। ਜਦੋਂ ਉਸ ਨੇ ਮੋਟਰਸਾਈਕਲ ਮਿਸਤਰੀ ਨੂੰ ਵਿਖਾਇਆ ਤਾਂ ਟੈਂਕੀ ਵਿਚਲੇ ਪੈਟਰੋਲ ਵਿਚ ਪਾਣੀ ਮਿਕਸ ਸੀ। ਜਦੋਂ ਇਸ ਸਬੰਧੀ ਉਨ੍ਹਾਂ ਨੇ ਪੈਟਰੋਲ ਪੰਪ ਦੇ ਮਾਲਕ ਅਮਰ ਨਾਥ ਗੋਇਲ ਨਾਲ ਗੱਲ ਕਰਨੀ ਚਾਹੀ ਤਾਂ ਅੱਗੋਂ ਪੰਪ ਮਾਲਕ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਰੋਹ ਵਿਚ ਆਏ ਪੀੜਤ ਅਤੇ ਉਸ ਦੇ ਸਾਥੀਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਰੋਡ ਜਾਮ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਥਿਤੀ ਉਸ ਸਮੇਂ ਹੋਰ ਵੀ ਗੰਭੀਰ ਹੋ ਗਈ ਜਦੋਂ ਪੀੜਤ ਹਰੀ ਓਮ ਨੇ ਗੁੱਸੇ ਵਿਚ ਆ ਕੇ ਆਪਣੇ-ਆਪ ਨੂੰ ਅੱਗ ਲਾਉਣ ਦੇ ਮਕਸਦ ਨਾਲ ਆਪਣੇ ਉੱਪਰ ਪੈਟਰੋਲ ਛਿੜਕ ਲਿਆ, ਜਿਸ ਨੂੰ ਮੌਕੇ 'ਤੇ ਮੌਜੂਦ ਪੁਲਸ ਕਰਮਚਾਰੀਆਂ ਅਤੇ ਲੋਕਾਂ ਦੇ ਇਕੱਠ ਨੇ ਰੋਕ ਲਿਆ। ਪੀੜਤ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਕਤ ਪੰਪ ਦਾ ਨਾਪਤੋਲ ਵੀ ਸਹੀ ਨਹੀਂ ਹੈ। ਉਨ੍ਹਾਂ ਸਥਾਨਕ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਕੇ ਉਕਤ ਪੰਪ ਮਾਲਕ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਸ ਦੁਆਰਾ ਕਾਰਵਾਈ ਕਰਨ ਦਾ ਭਰੋਸਾ ਦਿੱਤੇ ਜਾਣ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁੱਕ ਦਿੱਤਾ। ਸੂਚਨਾ ਮਿਲਣ 'ਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਤੇਲ ਦੇ ਸੈਂਪਲ ਭਰ ਕੇ ਜਾਂਚ ਲਈ ਦਿੱਲੀ ਭੇਜ ਦਿੱਤੇ ਅਤੇ ਮਸ਼ੀਨਾਂ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਗੁਰਦੀਪ ਸਿੰਘ ਬਿੱਟੀ, ਜੋਬਨਪ੍ਰੀਤ ਸਿੰਘ, ਜੱਸ, ਬਿੱਟੂ ਢਿੱਲੋਂ, ਅਰਸ਼ ਸਿੰਘ, ਅਮਨ ਸਿੰਘ, ਦਲਬੀਰ ਸਿੰਘ, ਗਗਨ ਸਿੰਘ ਤੇ ਰਾਹੁਲ ਸਿੰਘ ਆਦਿ ਹਾਜ਼ਰ ਸਨ।
ਨੇਪੋਲੀਅਨ ਦੀ ਮਾਰਕੁੱਟ ਤੇ ਲੁੱਟ-ਖਸੁੱਟ ਕਰਨ ਦੇ ਦੋਸ਼ 'ਚ 2 ਗ੍ਰਿਫ਼ਤਾਰ
NEXT STORY