ਕਪੂਰਥਲਾ (ਮਹਾਜਨ/ਭੂਸ਼ਣ) - ਭਾਰੀ ਸੁਰੱਖਿਆ ਨਾਲ ਲੈਸ ਡੀ.ਸੀ. ਤੇ ਜ਼ਿਲ੍ਹਾ ਸੈਸ਼ਨ ਜੱਜ ਦੀ ਸਰਕਾਰੀ ਰਿਹਾਇਸ਼ ਨੇੜੇ ਦਿਨ ਦਿਹਾੜੇ ਸ਼ਹਿਰ ਦੇ ਇੱਕ ਉੱਘੇ ਵਪਾਰੀ ਦੇ ਮੋਬਾਈਲ ਸ਼ੋਅਰੂਮ ‘ਤੇ ਤਾਬੜ ਤੋੜ ਫਾਇਰਿੰਗ ਕਰਕੇ ਇਕ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ਨਾਲ ਜਿੱਥੇ ਪੂਰਾ ਸ਼ਹਿਰ ਕੰਬ ਉਠਿਆ ਹੈ ਉੱਥੇ ਹੀ ਇਸ ਬੇਹੱਦ ਡਰਾਉਣੇ ਘਟਨਾਕ੍ਰਮ ਨੇ ਅੱਤਵਾਦ ਦੇ ਦਿਨਾਂ ਦੀਆਂ ਯਾਦਾਂ ਫਿਰ ਤੋਂ ਆਮ ਲੋਕਾਂ ਦੇ ਜਿਹਨ ‘ਚ ਤਾਜ਼ਾ ਕਰ ਦਿੱਤੀਆਂ ਹਨ। ਉੱਥੇ ਹੀ ਹੁਣ ਕਾਰੋਬਾਰੀਆਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ।
ਜਿਕਰਯੋਗ ਹੈ ਕਿ ਸ਼ਹਿਰ ਦੀ ਸੁਰੱਖਿਆ ਦੇ ਨਜ਼ਰੀਏ ਤੋਂ ਸਭ ਤੋਂ ਸੁਰੱਖਿਅਤ ਤੇ ਅਹਿਮ ਮੰਨੇ ਜਾਂਦੇ ਕਪੂਰਥਲਾ-ਜਲੰਧਰ ਰੋਡ `ਤੇ ਸਥਿਤ ਸ਼ੋਅਰੂਮ ਨੂੰ ਜਿਸ ਤਰੀਕੇ ਨਾਲ 3 ਪਿਸਤੌਲਾਂ ਦੀ ਮਦਦ ਨਾਲ ਨਿਸ਼ਾਨਾ ਬਣਾਇਆ ਗਿਆ, ਉਸ ਨਾਲ ਜਿੱਥੇ ਲਗਾਤਰ ਡਿੱਗ ਰਹੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਉੱਥੇ ਹੀ ਪੁਲਸ ਵੱਲੋਂ ਸੂਬਾ ਭਰ ‘ਚ ਜਾਰੀ ਕੀਤੇ ਗਏ ਰੈਡ ਅਲਰਟ ਦੀ ਹਕੀਕਤ ਨੂੰ ਵੀ ਸਾਫ ਤੌਰ ‘ਤੇ ਬਿਆਨ ਕਰ ਦਿੱਤਾ ਹੈ। ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਆਖਰਕਾਰ ਡੀ.ਸੀ. ਤੇ ਜ਼ਿਲ੍ਹਾ ਸੈਸ਼ਨ ਜੱਜ ਦੀ ਸਰਕਾਰੀ ਕੋਠੀਆਂ ‘ਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਇਸ ਤਾਬੜਤੋੜ ਫਾਇਰਿੰਗ ਦੀ ਆਵਾਜ਼ ਸੁਣਾਈ ਹੀ ਨਹੀ ਦਿੱਤੀ ਅਤੇ ਇਨ੍ਹਾਂ ਸਰਕਾਰੀ ਰਿਹਾਇਸ਼ਾਂ ‘ਚ ਤਾਇਨਾਤ ਸੁਰੱਖਿਆ ਪੁਲਸ ਕਰਮਚਾਰੀਆਂ ਨੇ ਆਖਰ ਸੜਕ ‘ਤੇ ਨਿਕਲ ਕੇ ਇਨ੍ਹਾਂ ਮੁਲਜਮਾਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਿਉਂ ਨਹੀ ਕੀਤੀ।
ਇਹ ਪੂਰਾ ਘਟਨਾਕ੍ਰਮ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪੁਲਸ ਤੰਤਰ ਵੱਲੋਂ ਵੀ.ਆਈ.ਪੀ ਅਤੇ ਵੱਡੇ ਸਰਕਾਰੀ ਅਧਿਕਾਰੀਆਂ ਦੀ ਸੁਰੱਖਿਆ ‘ਤੇ ਤਾਇਨਾਤ ਸੁਰੱਖਿਆ ਅਮਲਾ ਸਿਰਫ ਕਾਗਜੀ ਸ਼ੇਰ ਹੈ। ਉੱਥੇ ਹੀ ਇਕ ਪਾਸੇ ਤੋਂ ਬੱਸ ਸਟੈਂਡ ਤੇ ਦੂਜੇ ਪਾਸੇ ਡੀ.ਸੀ. ਚੌਂਕ ਨਾਲ ਘਿਰੇ ਇਸ ਪ੍ਰਮੁੱਖ ਸੜਕ ‘ਤੇ ਜਿੱਥੇ ਅਕਸਰ ਪੀ.ਸੀ.ਆਰ. ਦੀਆਂ ਟੀਮਾਂ ਤਾਇਨਾਤ ਰਹਿੰਦੀਆਂ ਹਨ, ਨੂੰ ਚਕਮਾ ਦੇ ਕੇ ਆਖਰਕਾਰ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਮੁਲਜਮ ਜ਼ਿਲ੍ਹੇ ਦੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਕਿਵੇਂ ਫਰਾਰ ਹੋ ਗਏ ਹਨ, ਜੋ ਪੁਲਸ ਤੰਤਰ ਦੀ ਜਬਰਦਸਤ ਨਾਕਾਮੀ ਵੱਲ ਇਸ਼ਾਰਾ ਕਰਦਾ ਹੈ। ਇਸ ਪੂਰੇ ਮਾਮਲੇ ‘ਚ ਇਕ ਵੱਡਾ ਸਵਾਲ ਇਹ ਵੀ ਹੈ ਕਿ ਪੁਲਸ ਤੰਤਰ ‘ਚ ਅਪਰਾਧੀਆਂ ਤੋਂ ਨਿਪਟਣ ਦੇ ਲਈ ਜ਼ਰੂਰੀ ਇੱਛਾ ਸ਼ੱਕਤੀ ਦੀ ਜਬਰਦਸਤ ਕਮੀ ਦੇ ਕਾਰਨ ਹੁਣ ਅਪਰਾਧੀ ਕਿਤੇ ਵੀ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ‘ਚ ਪੂਰੀ ਮਹਾਰਤ ਰੱਖਦੇ ਹਨ ਤੇ ਆਮ ਜਨਤਾ ਇਨ੍ਹਾਂ ਖਤਰਨਾਕ ਅਪਰਾਧੀਆਂ ਦੇ ਰਹਿਮੋ ਕਰਮ ‘ਤੇ ਹੀ ਨਿਰਭਰ ਹੈ।
ਉੱਥੇ ਹੀ ਇਸ ਪੂਰੇ ਮਾਮਲੇ ਨੂੰ ਜੇਕਰ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਕੁਸ਼ਲ ਚੌਧਰੀ ਨਾਮ ਦੇ ਗੈਂਗ ਦਾ ਲੈਟਰ ਦੇ ਕੇ ਫਰਾਰ ਹੋਏ ਮੁਲਜਮਾਂ ਦੇ ਤਾਰ ਕਿਤੇ ਨਾ ਕਿਤੇ ਸਥਾਨਕ ਤੌਰ ‘ਤੇ ਕਪੂਰਥਲਾ ਸ਼ਹਿਰ ‘ਚ ਸਰਗਰਮ ਸਮਾਜ ਵਿਰੋਧੀ ਅਨਸਰਾਂ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ, ਕਿਉਂਕਿ ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲ੍ਹੇ ‘ਚ ਜਿੱਥੇ ਕਈ ਕਾਰੋਬਾਰੀਆਂ ਨੂੰ ਫਿਰੌਤੀ ਦੇ ਲਈ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਉੱਥੇ ਹੀ ਇਸ ‘ਚ ਲੋਕਲ ਪੱਧਰ ਦੇ ਅਪਰਾਧੀਆਂ ਦੀ ਵੀ ਸ਼ਮੂਲੀਅਤ ਸਾਹਮਣੇ ਆ ਚੁੱਕੀ ਹੈ। ਜੋ ਨਿਸ਼ਚਿਤ ਤੌਰ’ਤੇ ਇਸ ਪੂਰੇ ਖੌਫਨਾਕ ਵਾਰਦਾਤ ‘ਚ ਲੋਕਲ ਪੱਧਰ ਦੇ ਸਥਾਨਕ ਅਪਰਾਧੀਆਂ ਦੀ ਮਦਦ ਨਾਲ ਗੋਲੀਆਂ ਨਾਲ ਭੁੰਨੇ ਗਏ ਸ਼ੋਅਰੂਮ ਦੀ ਸੰਭਾਵਿਤ ਰੇਕੀ ਵੱਲ ਇਸ਼ਾਰਾ ਕਰਦੀ ਹੈ। ਇਸ ਰੇਕੀ ਨੂੰ ਨਿਸ਼ਚਿਤ ਤੌਰ ‘ਤੇ ਸਥਾਨਕ ਪੱਧਰ ਦੇ ਅਪਰਾਧਿਕ ਸੰਪਰਕਾਂ ਦੀ ਮਦਦ ਨਾਲ ਚਲਾਇਆ ਜਾਣਾ ਨਿਸ਼ਚਿਤ ਤੌਰ ‘ਤੇ ਸਾਹਮਣੇ ਆ ਸਕਦਾ ਹੈ।
ਉੱਥੇ ਹੀ ਇੰਨੀ ਵੱਡੀ ਵਾਰਦਾਤ ਨੂੰ ਸੂਬੇ ‘ਚ ਅੱਤਵਾਦ ਦੇ ਦੌਰ ‘ਚ ਵੀ ਦੇਖਣ ਨੂੰ ਨਹੀ ਮਿਲੀ ਸੀ ਕਿਉਂਕਿ ਉਸ ਦੌਰ ‘ਚ ਵੀ ਕਿਸੇ ਅੱਤਵਾਦੀ ਸੰਗਠਨ ਵੱਲੋਂ ਕਪੂਰਥਲਾ ਸ਼ਹਿਰ ‘ਚ ਦਾਖਲ ਹੋ ਕੇ ਕਿਸੇ ਦੁਕਾਨ ਨੂੰ ਸਰੇਆਮ ਦਿਨ-ਦਿਹਾੜੇ ਗੋਲੀਆਂ ਨਾਲ ਨਿਸ਼ਾਨਾ ਬਣਾਉਣ ਦਾ ਮਾਮਲਾ ਪੁਲਸ ਰਿਕਾਰਡ ‘ਚ ਹੁਣ ਤੱਕ ਸਾਹਮਣੇ ਨਹੀ ਆਇਆ ਹੈ। ਹੁਣ ਫਿਰੌਤੀ ਦੇ ਲਈ ਇਸ ਖਤਰਨਾਕ ਕ੍ਰਾਈਮ ‘ਚ ਆਮ ਕਾਰੋਬਾਰੀਆਂ ਨੂੰ ਆਪਣੀ ਸੁਰੱਖਿਆ ਸਬੰਧੀ ਚਿੰਤਾਵਾਂ ਦੇ ਕਾਰਨ ਭਾਰੀ ਖੌਫ ‘ਚ ਪਾ ਦਿੱਤਾ ਹੈ। ਗੌਰ ਹੋਵੇ ਕਿ ਜਿਸ ਤਰ੍ਹਾਂ 2 ਅਪਰਾਧੀਆਂ ਨੇ 3 ਪਿਸਤੌਲਾਂ ਦੀ ਮਦਦ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਪੁਲਸ ਵੱਲੋਂ ਕਈ ਵੱਡੇ ਫਿਰੌਤੀ ਗੈਂਗ ਦੇ ਗ੍ਰਿਫਤਾਰੀਆਂ ਦੇ ਲੈ ਕੇ ਲਗਾਤਾਰ ਕੀਤੇ ਜਾ ਰਹੇ ਦਾਅਵਿਆਂ ਦਾ ਆਮ ਅਪਰਾਧੀਆਂ ‘ਚ ਕੋਈ ਫਰਕ ਨਹੀ ਪੈ ਰਿਹਾ ਹੈ। ਜਿਸ ਨੂੰ ਲੈ ਕੇ ਜਗ ਬਾਣੀ ਪਹਿਲਾਂ ਵੀ ਆਪਣੇ ਵੱਖ-ਵੱਖ ਅੰਕਾਂ ‘ਚ ਅਹਿਮ ਖੁਲਾਸੇ ਕਰ ਚੁੱਕੀ ਹੈ ਤੇ ਸੂਬੇ ‘ਚ ਛੋਟੇ ਮੋਟੇ ਅਪਰਾਧੀਆਂ ਦੇ ਕੋਲ ਨਾਜਾਇਜ ਹਥਿਆਰ ਪਹੁੰਚਣਾ ਵੀ ਇਸ ਤੱਥ ਦੀ ਸੱਚਾਈ ਵੱਲ ਇਸ਼ਾਰਾ ਕਰਦਾ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਪੁਲਸ ਨੇ ਸਰਹੱਦ ਪਾਰ ਤੋਂ ਡਰੋਨ ਦੀ ਮਦਦ ਨਾਲ ਆਏ ਕਈ ਅਜਿਹੇ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ, ਜੋ ਸੂਬੇ ‘ਚ ਸਰਗਰਮ ਅਪਰਾਧੀਆਂ ਕੋਲ ਪਹੁੰਚਣੇ ਸੀ। ਜੋ ਨਿਸ਼ਚਿਤ ਤੌਰ ‘ਤੇ ਬੇਹਦ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਕੀ ਕਹਿੰਦੇ ਹਨ ਐਸ.ਐਸ.ਪੀ
ਇਸ ਸਬੰਧ ‘ਚ ਐਸ.ਐਸ.ਪੀ ਕਪੂਰਥਲਾ ਵਤਸਲਾ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਘਟਨਾ ਬੇਹਦ ਗੰਭੀਰ ਹੈ। ਇਸ ਮਾਮਲੇ ‘ਚ ਸ਼ਾਮਲ ਕਿਸੇ ਵੀ ਮੁਲਜਮ ਨੂੰ ਬਖਸ਼ਿਆ ਨਹੀ ਜਾਵੇਗਾ। ਜਲਦ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਨਵੇਂ ਬਣੇ ਸਰਪੰਚ ਦੇ ਪਿੰਡ 'ਚ ਵੜਦਿਆਂ ਹੀ ਹੋ ਗਈ ਵੱਡੀ ਵਾਰਦਾਤ, ਕਿਰਪਾਨ ਨਾਲ ਵੱਢਿਆ ਗਿਆ ਨੌਜਵਾਨ ਦਾ ਗੁੱਟ
NEXT STORY