ਕੱਥੂਨੰਗਲ (ਕੰਬੋ) - ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀਂ ਪ੍ਰਾਇਮਰੀ ਸਕੂਲਾਂ ਨੂੰ ਦੂਸਰੇ ਸਕੂਲਾਂ ਵਿਚ ਮਰਜ ਕਰਨ ਦੇ ਹੁਕਮ ਜਾਰੀ ਕਰਨ ਦੇ ਵਿਰੋਧ ਵਿਚ ਅੱਜ ਬੀ. ਐੱਡ. ਅਧਿਆਪਕ ਫਰੰਟ ਪੰਜਾਬ ਵੱਲੋਂ ਸੂਬੇ ਦੇ ਸਾਰੇ ਜ਼ਿਲਿਆਂ ਵਿਚ ਪੈਂਦੇ ਬਲਾਕਾਂ ਵਿਚ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਤਹਿਤ ਸਿੱਖਿਆ ਬਲਾਕ ਮਜੀਠਾ-2 ਵਿਖੇ ਜ਼ਿਲਾ ਪ੍ਰਧਾਨ ਸੰਤ ਸੇਵਕ ਸਿੰਘ ਸਰਕਾਰੀਆ ਦੀ ਰਹਿਨੁਮਾਈ ਤੇ ਬਲਾਕ ਪ੍ਰਧਾਨ ਸਤਿੰਦਰ ਸਿੰਘ ਬਾਬੋਵਾਲ ਦੀ ਅਗਵਾਈ 'ਚ ਵੱਡੀ ਗਿਣਤੀ ਵਿਚ ਪੁੱਜੇ ਅਧਿਆਪਕਾਂ ਨੇ ਉਕਤ ਹੁਕਮ ਦੀਆਂ ਕਾਪੀਆਂ ਸਾੜ ਕੇ ਰੋਸ ਜ਼ਾਹਰ ਕੀਤਾ।
ਜ਼ਿਲਾ ਪ੍ਰਧਾਨ ਸਰਕਾਰੀਆ ਨੇ ਕਿਹਾ ਕਿ ਇਹ ਫੈਸਲਾ ਮੁੱਢ ਤੋਂ ਹੀ ਲੋਕ ਮਾਰੂ ਹੈ ਜਿਥੇ ਇਕ ਪਾਸੇ ਅਧਿਆਪਕਾਂ ਦੀਆਂ ਅਸਾਮੀਆਂ ਘਟਣਗੀਆਂ ਉਥੇ ਦੂਸਰੇ ਪਾਸੇ ਮਿਡ-ਡੇ ਮੀਲ ਵਰਕਰਾਂ ਦਾ ਰੋਜ਼ਗਾਰ ਖਤਮ ਹੋ ਜਾਵੇਗਾ ਅਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਛੋਟੇ-ਛੋਟੇ ਬੱਚੇ ਸਿੱਖਿਅਤ ਹੋਣ ਦੇ ਮੁੱਢਲੇ ਸੰਵਿਧਾਨਿਕ ਅਧਿਕਾਰ ਤੋਂ ਵਾਂਝੇ ਰਹਿ ਜਾਣਗੇ।
ਬਲਾਕ ਪ੍ਰਧਾਨ ਸਤਿੰਦਰ ਬਾਬੋਵਾਲ ਨੇ ਕਿਹਾ ਕਿ ਇਕ ਪਾਸੇ ਤਾਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਮਕਸਦ ਨਾਲ ਪ੍ਰੀ-ਪ੍ਰਾਇਮਰੀ ਸਕੂਲ ਖੋਲ੍ਹੇ ਜਾਣ ਦਾ ਹੋਕਾ ਦਿੱਤਾ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਤੋਂ ਘੱਟ ਬੱਚਿਆਂ ਵਾਲੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਜਿਹੜਾ ਸਿੱਖਿਆ ਦੇ ਪ੍ਰਸਾਰ ਲਈ ਘਾਤਕ ਹੈ।
ਸਟੇਟ ਕਮੇਟੀ ਮੈਂਬਰ ਹਰਵਿੰਦਰ ਵਿੱਕੀ ਕੱਥੂਨੰਗਲ ਨੇ ਕਿਹਾ ਕਿ ਜੇਕਰ ਸਕੂਲਾਂ ਨੂੰ ਮਰਜ ਕਰਨ ਦੇ ਹੁਕਮ ਪੱਕੇ ਤੌਰ 'ਤੇ ਵਾਪਸ ਨਾ ਲਏ ਤਾਂ ਆਉਣ ਵਾਲੇ ਸਮੇਂ ਵਿਚ ਵੱਡੀ ਰਣਨੀਤੀ ਉਲੀਕ ਕੇ ਸੰਘਰਸ਼ ਤਦ ਤੱਕ ਕੀਤਾ ਜਾਵੇਗਾ ਜਦ ਸਿੱਖਿਆ ਵਿਭਾਗ ਆਪਣੇ ਹੁਕਮ ਨੂੰ ਖਾਰਜ ਨਹੀਂ ਕਰਦਾ।
ਇਸ ਮੌਕੇ ਬਲਾਕ ਸਿੱਖਿਆ ਅਫਸਰ ਸਤਨਾਮ ਸਿੰਘ ਵਰਿਆਮ ਨੰਗਲ ਨੂੰ ਸਕੂਲ ਮਰਜ ਕਰਨ ਦੇ ਵਿਰੋਧ 'ਚ ਬੀ. ਐੱਡ. ਅਧਿਆਪਕ ਫਰੰਟ ਦੇ ਅਹੁਦੇਦਾਰਾਂ ਨੇ ਮੰੰਗ-ਪੱਤਰ ਵੀ ਦਿੱਤਾ। ਇਸ ਸਮੇਂ ਜ਼ਿਲਾ ਪ੍ਰਧਾਨ ਸੰਤ ਸੇਵਕ ਸਿੰਘ ਸਰਕਾਰੀਆ, ਸਟੇਟ ਕਮੇਟੀ ਮੈਂਬਰ ਹਰਵਿੰਦਰ ਵਿੱਕੀ, ਬਲਾਕ ਪ੍ਰਧਾਨ ਸਤਿੰਦਰ ਸਿੰਘ ਬਾਬੋਵਾਲ ਤੋਂ ਇਲਾਵਾ ਭੁਪਿੰਦਰ ਸਿੰਘ ਕੱਥੂਨੰਗਲ, ਸੁਖਵਿੰਦਰ ਕੌਰ ਪਾਖਰਪੁਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਅਧਿਆਪਕ ਸ਼ਾਮਲ ਸਨ।
ਰਾਹੁਲ ਨੇ ਅਮਰਿੰਦਰ ਸਰਕਾਰ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਉਠਾਏ ਕਦਮਾਂ ਦੀ ਸ਼ਲਾਘਾ ਕੀਤੀ
NEXT STORY