ਜਲੰਧਰ (ਧਵਨ)—ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਛੋਟੇ ਤੇ ਸਰਹੱਦੀ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦੇਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਲੀਡਰਸ਼ਿਪ ਦਰਮਿਆਨ ਸਿਆਸੀ ਵਾਕ ਯੁੱਧ ਤਾਂ ਚੱਲ ਹੀ ਰਿਹਾ ਹੈ ਪਰ ਇਸ ਵਿਚ ਹੁਣ ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਲ ਹੋ ਗਏ ਹਨ।
ਰਾਹੁਲ ਗਾਂਧੀ ਨੇ ਫੇਸਬੁੱਕ 'ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਉਠਾਏ ਗਏ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਹੈ। ਰਾਹੁਲ ਗਾਂਧੀ ਨੇ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਸਕੀਮ 'ਚ ਵਪਾਰਕ ਬੈਂਕਾਂ ਨੂੰ ਵੀ ਸ਼ਾਮਲ ਕਰ ਕੇ ਕਿਸਾਨਾਂ ਦੇ ਹਿੱਤ 'ਚ ਕਦਮ ਉਠਾਇਆ ਗਿਆ ਹੈ। ਰਾਹੁਲ ਗਾਂਧੀ ਨੇ ਨਾਲ ਹੀ ਫੇਸਬੁੱਕ 'ਤੇ ਆਪਣੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਂਝੀ ਤਸਵੀਰ ਵੀ ਸ਼ੇਅਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਨੂੰ ਲੈ ਕੇ ਪੰਜਾਬ ਸਰਕਾਰ ਨੇ 20 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਖੇਤੀ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ 'ਚ ਲਿਖਿਆ ਗਿਆ ਹੈ ਕਿ ਜਿਨ੍ਹਾਂ ਛੋਟੇ ਤੇ ਸਰਹੱਦੀ ਕਿਸਾਨਾਂ ਨੇ ਵਪਾਰਕ ਬੈਂਕਾਂ ਤੋਂ ਕਰਜ਼ਾ ਲਿਆ ਹੈ ਉਨ੍ਹਾਂ ਦਾ ਕਰਜ਼ਾ ਵੀ ਮੁਆਫ ਕੀਤਾ ਜਾ ਰਿਹਾ ਹੈ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਇਹ ਸਕੀਮ ਉਸ ਦਿਨ ਤੋਂ ਪ੍ਰਭਾਵੀ ਮੰਨੀ ਜਾਵੇਗੀ ਜਦੋਂ ਇਸ ਨੂੰ ਅਧਿਕਾਰਕ ਗਜਟ 'ਚ ਨੋਟੀਫਾਈ ਕਰ ਦਿੱਤਾ ਜਾਵੇਗਾ। ਸਕੀਮ ਅਧੀਨ ਪਹਿਲਾਂ ਉਨ੍ਹਾਂ ਕਿਸਾਨਾਂ ਦੀ ਮੂਲ ਕਰਜ਼ੇ ਦੀ ਰਕਮ ਤੇ ਵਿਆਜ ਨੂੰ ਮੁਆਫ ਕੀਤਾ ਜਾਏਗਾ ਜਿਨ੍ਹਾਂ 'ਤੇ ਇਹ ਰਕਮ 31 ਮਾਰਚ 2017 ਤਕ ਬਕਾਇਆ ਹੋਵੇਗੀ।
25 ਦੇ ਸਮਾਗਮ ਤੋਂ ਸੰਗਤਾਂ ਦੂਰ ਰਹਿਣ : ਗਿ. ਗੁਰਬਚਨ ਸਿੰਘ
NEXT STORY