ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਮੂਸਾਪੁਰ ਰੋਡ ’ਤੇ ਸਥਿਤ ਮੁਹੱਲਾ ਨਵੀਂ ਆਬਾਦੀ ਵਿਖੇ ਬੀਤੀ ਅੱਧੀ ਰਾਤ ਦੇ ਬਾਅਦ 4 ਅਣਪਛਾਤੇ ਲੁਟੇਰਿਅਾਂ ਵੱਲੋਂ ਘਰ ਵਿਚ ਇਕੱਲੇ ਸੌਂ ਰਹੇ ਬਜ਼ੁਰਗ ’ਤੇ ਜਾਨਲੇਵਾ ਹਮਲਾ ਕਰ ਕੇ ਨਕਦੀ ਲੁੱਟ ਲਈ ਗਈ।
ਅਣਪਛਾਤੇ ਲੁਟੇਰਿਆਂ ਵੱਲੋਂ ਦਸਤੀ ਹਥਿਆਰਾਂ ਨਾਲ ਗੰਭੀਰ ਰੂਪ ਵਿਚ ਜ਼ਖਮੀ ਕੀਤੇ ਬਜ਼ੁਰਗ ਨਾਲ ਵਾਪਰੀ ਘਟਨਾ ਦਾ ਘਰ ਦੇ ਠੀਕ ਸਾਹਮਣੇ ਦੂਜੇ ਘਰ ਵਿਚ ਰਹਿੰਦੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਸਵੇਰੇ ਕਰੀਬ 7 ਵਜੇ ਉਦੋਂ ਪਤਾ ਲੱਗਾ, ਜਦੋਂ ਜ਼ਖਮੀ ਦੀ ਨੂੰਹ ਅਤੇ ਪੋਤਰੀ ਉਨ੍ਹਾਂ ਦੇ ਕਮਰੇ ਵੱਲ ਗਏ। ਬਜ਼ੁਰਗ ਰਾਮਚੰਦ (80) ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਲਾਜ ਅਧੀਨ ਰਾਮਚੰਦ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2 ਵਜੇ ਜਦੋਂ ਉਹ ਬਾਥਰੂਮ ਕਰਨ ਲਈ ਉਠਿਆ ਤਾਂ ਘਰ ਵਿਚ ਦਾਖਲ ਹੋਏ 4 ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਜਾਨਲੇਵਾ ਹਮਲਾ ਕਰਦੇ ਹੋਏ ਸਿਰ ’ਤੇ ਮੋਟੀ ਲੱਕਡ਼ੀ ਨਾਲ ਵਾਰ ਕੀਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਕੇ ਥੱਲੇ ਡਿੱਗ ਪਿਆ। ਉਸ ਨੇ ਦੱਸਿਆ ਕਿ ਮੰਜੇ ’ਤੇ ਪਈ ਉਸ ਦੀ ਫਤੂਹੀ ਵਿਚ 13 ਹਜ਼ਾਰ ਰੁਪਏ ਦੀ ਨਕਦੀ ਪਈ ਸੀ, ਜਿਹਡ਼ੀ ਉਕਤ ਲੁਟੇਰਿਅਾਂ ਨੇ ਕੱਢ ਲਈ। ਇਸ ਤੋਂ ਇਲਾਵਾ ਉਹ ਕਮਰੇ ਵਿਚ ਪਏ ਹੋਰ 2 ਟਰੰਕਾਂ ’ਚੋਂ 8-9 ਹਜ਼ਾਰ ਰੁਪਏ ਵੀ ਕੱਢ ਕੇ ਲੈ ਗਏ।
ਪੁਲਸ ਵੱਲੋਂ ਤਫਤੀਸ਼ ਸ਼ੁਰੂ
ਉਕਤ ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸ.ਐੱਸ.ਓ. ਥਾਣਾ ਨਵਾਂਸ਼ਹਿਰ ਇੰਸਪੈਕਟਰ ਸ਼ਹਿਬਾਜ਼ ਸਿੰਘ ਅਤੇ ਡੀ.ਐੱਸ.ਪੀ. ਮੁਖਤਿਆਰ ਰਾਏ ਸਮੇਤ ਹੋਰਨਾਂ ਪੁਲਸ ਅਧਿਕਾਰੀਆਂ ਨੇ ਹਸਪਤਾਲ ਵਿਚ ਦਾਖਲ ਬਜ਼ੁਰਗ ਦੇ ਬਿਆਨ ਲੈਣ ਤੋਂ ਬਾਅਦ ਮੌਕੇ ਵਾਲੀ ਥਾਂ ਦੀ ਵੀ ਜਾਂਚ ਕੀਤੀ। ਇਸ ਦੌਰਾਨ ਪੁਲਸ ਦੀ ਫਿੰਗਰ ਪ੍ਰਿੰਟ ਐਕਸਪਰਟ ਟੀਮ ਨੇ ਵੀ ਜਾਂਚ ਕੀਤੀ। ਡੀ.ਐੱਸ.ਪੀ. ਮੁਖਤਿਆਰ ਰਾਏ ਨੇ ਦੱਸਿਆ ਕਿ ਪੁਲਸ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਨਜ਼ਦੀਕੀ ਪਿੰਡ ਬੇਗਮਪੁਰ ਵਿਖੇ ਕਾਲਾ ਕੱਛਾ ਗਿਰੋਹ ਨੇ ਇਕ ਐੱਨ.ਆਰ.ਆਈ.ਦੇ ਘਰ ਲੁੱਟ ਨੂੰ ਅੰਜਾਮ ਦਿੰਦੇ ਹੋਏ ਬਜ਼ੁਰਗ ਦੀ ਹੱਤਿਆ ਅਤੇ 2 ਨੂੰ ਜ਼ਖਮੀ ਕਰ ਕੇ ਘਰ ’ਚੋਂ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਸਨ। ਅਜੇ ਪੁਲਸ ਨੇ ਉਕਤ ਗਿਰੋਹ ਦੇ 4 ਦੋਸ਼ੀਅਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ ਕਿ ਉਕਤ ਦੂਜੀ ਘਟਨਾ ਵੀ ਵਾਪਰ ਗਈ।
ਗਊਸ਼ਾਲਾ ਵੱਲੋਂ ਘਰ ’ਚ ਦਾਖਲ ਹੋਏ ਲੁਟੇਰੇ
ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਜਨਮ ਅਸ਼ਟਮੀ ਦੀਆਂ ਤਿਆਰੀਆਂ ਕਾਰਨ ਗਊਸ਼ਾਲਾ ਦੇ ਬਾਹਰ ਲਾਈਟਾਂ ਲਾਈਅਾਂ ਜਾ ਰਹੀਅਾਂ ਸਨ ਅਤੇ ਇਲੈਕਟ੍ਰੀਸ਼ਨ ਰਾਤ ਕਰੀਬ 12 ਵਜੇ ਤੱਕ ਕੰਮ ਕਰ ਰਹੇ ਸਨ। ਗਊਸ਼ਾਲਾ ਦੀ ਚਾਰਦੀਵਾਰੀ ਦੇ 1 ਹਿੱਸੇ ਵਿਚ ਦੀਵਾਰ ਦੀ ਉੱਚਾਈ ਘੱਟ ਹੈ ਅਤੇ ਕੰਧ ਨੂੰ ਟੱਪ ਕੇ ਅੰਦਰ ਵਡ਼ਿਆ ਜਾ ਸਕਦਾ ਹੈ। ਸੰਭਵ ਹੈ ਕਿ ਇਸੇ ਪਾਸੇ ਤੋਂ ਅਣਪਛਾਤੇ ਲੁਟੇਰੇ ਅੰਦਰ ਆਏ ਹੋਣਗੇ ਅਤੇ ਪੌਡ਼ੀ ਲਾ ਕੇ ਘਰ ਦੀ ਛੱਤ ਦੇ ਰਸਤੇ ਘਰ ’ਚ ਦਾਖਲ ਹੋਏ ਹੋਣਗੇ।
ਸੀ.ਸੀ.ਟੀ.ਵੀ. ਕੈਮਰੇ ਪਏ ਸਨ ਬੰਦ
ਮੌਕੇ ’ਤੇ ਕੁਝ ਲੋਕਾਂ ਨੇ ਦੱਸਿਆ ਕਿ ਗਊਸ਼ਾਲਾ ਵਿਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਸਨ ਪਰ ਕੁਝ ਸਮੇਂ ਤੋਂ ਉਕਤ ਕੈਮਰੇ ਖਰਾਬ ਹਾਲਤ ਵਿਚ ਹਨ, ਜਿਸ ਕਾਰਨ ਉਕਤ ਵਾਰਦਾਤ ਸੀ.ਸੀ.ਟੀ.ਵੀ. ਕੈਮਰਿਅਾਂ ’ਚ ਰਿਕਾਰਡ ਨਹੀਂ ਹੋ ਸਕੀ। ਘਟਨਾ ਦੇ ਸ਼ਿਕਾਰ ਬਜ਼ੁਰਗ ਨੇ ਦੱਸਿਆ ਕਿ ਉਸ ਦੇ 3 ਲਡ਼ਕੇ ਹਨ, ਜਿਨ੍ਹਾਂ ਵਿਚੋਂ ਵੱਡੇ ਲਡ਼ਕੇ ਦੀ ਮੌਤ ਹੋ ਚੁੱਕੀ ਹੈ ਅਤੇ 2 ਲਡ਼ਕੇ ਜਰਮਨ ਰਹਿੰਦੇ ਹਨ। ਉਸ ਨੇ ਦੱਸਿਆ ਕਿ ਵੱਡੇ ਲਡ਼ਕੇ ਦਾ ਪਰਿਵਾਰ ਉਸ ਦੇ ਦੂਜੇ ਘਰ ਜਿਹਡ਼ਾ ਬਿਲਕੁਲ ਸਾਹਮਣੇ ਹੈ, ਵਿਚ ਰਹਿੰਦਾ ਹੈ।
ਬਾਜ਼ਾਰਾਂ ’ਚ 3 ਫੁੱਟ ਤੱਕ ਸੀਵਰੇਜ ਦਾ ਪਾਣੀ ਹੋਇਆ ਜਮ੍ਹਾ
NEXT STORY