ਲੁਧਿਆਣਾ (ਰਾਜ)-ਜਮਾਲਪੁਰ ਦੇ ਗੁਰੂ ਤੇਗ ਬਹਾਦਰ ਨਗਰ ’ਚ ਏਅਰ ਫੋਰਸ ਤੋਂ ਰਿਟਾਇਰਡ ਅਧਿਕਾਰੀ ਅਤੇ ਉਸ ਦੀ ਪਤਨੀ ਦਾ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਉਨ੍ਹਾਂ ਦੇ ਸਕੇ ਪੁੱਤਰ ਨੇ ਹੀ ਜਾਇਦਾਦ ਹੜੱਪਣ ਲਈ ਕਰਵਾਇਆ ਸੀ। ਉਸ ਨੇ ਕਤਲ ਲਈ ਸੁਪਾਰੀ ਕਿੱਲਰਾਂ ਦੀ ਵਰਤੋਂ ਕੀਤੀ ਸੀ। ਕਮਿਸ਼ਨਰੇਟ ਪੁਲਸ ਨੇ 24 ਘੰਟਿਅਾਂ ਅੰਦਰ ਹੀ ਇਸ ਕਤਲ ਦੇ ਕੇਸ ਨੂੰ ਹੱਲ ਕਰ ਕੇ ਮੁਲਜ਼ਮ ਬੇਟੇ ਹਰਮੀਤ ਸਿੰਘ ਉਰਫ ਮਨੀ ਅਤੇ ਇਕ ਭਾੜੇ ਦੇ ਕਾਤਲ ਬਲਵਿੰਦਰ ਸਿੰਘ ਉਰਫ ਰਾਜੂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਮੁਲਜ਼ਮਾਂ ਦੇ ਦੋ ਹੋਰ ਸਾਥੀ ਵਿਕਾਸ ਗਿੱਲ ਅਤੇ ਸੁਨੀਲ ਮਸੀਹ ਉਰਫ ਲੱਡੂ ਵੀ ਫਰਾਰ ਹਨ। ਉਨ੍ਹਾਂ ਦੀ ਭਾਲ ’ਚ ਛਾਪੇਮਾਰੀ ਚੱਲ ਰਹੀ ਹੈ। ਪ੍ਰੈੱਸ ਕਾਰਫਰੰਸ ਦੌਰਾਨ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਨੂੰ ਮੌਕਾ-ਏ-ਵਾਰਦਾਤ ’ਤੇ ਕਈ ਤੱਥ ਅਜਿਹੇ ਸਨ, ਜੋ ਇਸ ਵਾਰਦਾਤ ਵਿਚ ਕਿਸੇ ਨੇੜਲੇ ਦਾ ਹੱਥ ਹੋਣ ਵੱਲ ਇਸ਼ਾਰਾ ਕਰ ਰਹੇ ਸਨ। ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਤਿੰਨ ਸ਼ੱਕੀ ਸੀ. ਸੀ. ਟੀ. ਵੀ. ਕੈਮਰਿਆਂ ’ਚ ਰਿਕਾਰਡ ਹੋਏ। ਪੁਲਸ ਨੇ ਮੁਲਜ਼ਮ ਹਰਪ੍ਰੀਤ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਸਾਰਾ ਮਾਜਰਾ ਸਾਫ ਹੋ ਗਿਆ।
ਇਹ ਵੀ ਪੜ੍ਹੋ : ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਦੇ ਰਵੱਈਏ ਤੋਂ ਨਾਰਾਜ਼ ਲੰਗਰ ਕਮੇਟੀਆਂ ਨੇ ਦਿੱਤੀ ਇਹ ਚਿਤਾਵਨੀ
ਹਰਪ੍ਰੀਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਹੀ 3 ਵਿਅਕਤੀਆਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਨੇ ਮਾਂ-ਪਿਓ ਦੇ ਕਤਲ ਲਈ 3 ਵਿਅਕਤੀ ਹਾਇਰ ਕੀਤੇ ਸਨ, ਜਿਨ੍ਹਾਂ ਨੂੰ ਕਤਲ ਲਈ ਢਾਈ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਵਾਰਦਾਤ ਤੋਂ ਬਾਅਦ ਕਾਤਲ ਭੁਪਿੰਦਰ ਦੀ ਜੇਬ ’ਚੋਂ ਪੈਸੇ, ਸੋਨੇ ਦੀ ਮੁੰਦਰੀ ਅਤੇ ਘਰ ਦੇ ਅੰਦਰ ਲੱਗਾ ਸੀ. ਸੀ. ਟੀ. ਵੀ. ਕੈਮਰੇ ਦਾ ਡੀ. ਵੀ. ਆਰ. ਲੈ ਕੇ ਮਨੀ ਦੀ ਮਦਦ ਨਾਲ ਘਰੋਂ ਬਾਹਰ ਜਾ ਕੇ ਫਰਾਰ ਹੋ ਗਏ ਸਨ। ਹੁਣ ਪੁਲਸ ਨੇ ਮੁਲਜ਼ਮਾਂ ਤੋਂ ਸਾਮਾਨ ਅਤੇ ਵਾਰਦਾਤ ’ਚ ਵਰਤਿਆ ਬਾਈਕ ਵੀ ਬਰਾਮਦ ਕੀਤਾ ਹੈ।
ਸੀ. ਪੀ. ਸ਼ਰਮਾ ਨੇ ਦੱਸਿਆ ਕਿ ਭੁਪਿੰਦਰ ਸਿੰਘ ਰਿਟਾਇਰਡ ਸਨ ਅਤੇ ਉਸ ਤੋਂ ਬਾਅਦ ਆਪਣਾ ਸਕੂਲ ਚਲਾ ਰਹੇ ਸਨ। ਘਰ ਦਾ ਸਾਰਾ ਹੋਲਡ ਆਪਣੇ ਹੱਥ ’ਚ ਰੱਖਦੇ ਸਨ। ਉਹ ਬੇਟੇ ਨੂੰ 10 ਹਜ਼ਾਰ ਰੁਪਏ ਮਹੀਨੇ ਦਾ ਖਰਚ ਤੇ ਹਰਮੀਤ ਦੀ ਪਤਨੀ ਨੂੰ ਸਾਢੇ 8 ਹਜ਼ਾਰ ਰੁਪਏ ਦਿੰਦੇ ਸਨ। ਭੁਪਿੰਦਰ ਸਿੰਘ ਪਲਾਟ ਲੈ ਕੇ ਘਰ ਬਣਾ ਕੇ ਵੀ ਵੇਚਣ ਦਾ ਕੰਮ ਸ਼ੁਰੂ ਕਰ ਚੁੱਕਾ ਸੀ। ਇਸ ਤੋਂ ਇਲਾਵਾ ਸਕੂਲ ਦਾ ਵੀ ਸਾਰਾ ਹੋਲਡ ਉਸ ਕੋਲ ਸੀ, ਜਿਸ ਕਾਰਨ ਦੋਵੇਂ ਪਿਤਾ-ਪੱੁਤਰ ਵਿਚ ਕਾਫੀ ਪ੍ਰੇਸ਼ਾਨੀ ਵਧੀ ਹੋਈ ਸੀ। ਆਮ ਕਰ ਕੇ ਦੋਵਾਂ ਵਿਚ ਪੈਸਿਆਂ ਨੂੰ ਲੈ ਕੇ ਬਹਿਸਬਾਜ਼ੀ ਹੁੰਦੀ ਰਹਿੰਦੀ ਸੀ। ਪਿਤਾ ਉਸ ਨੂੰ ਕਹਿੰਦਾ ਸੀ ਕਿ ਉਹ ਪ੍ਰਾਪਰਟੀਆਂ ਬੇਟੀਆਂ ਨੂੰ ਦੇ ਦੇਵੇਗਾ ਪਰ ਉਸ ਨੂੰ ਨਹੀਂ ਦੇਵੇਗਾ। ਪਿਤਾ ਦੀਆਂ ਰੋਜ਼-ਰੋਜ਼ ਦੀਆਂ ਧਮਕੀਆਂ ਤੋਂ ਹਰਮੀਤ ਕਾਫੀ ਪ੍ਰੇਸ਼ਾਨ ਸੀ, ਜਿਸ ’ਤੇ ਉਸ ਨੇ ਪਿਤਾ ਨੂੰ ਹੀ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ। ਉਹ ਮੌਕੇ ਦੀ ਭਾਲ ਵਿਚ ਸੀ ਕਿ ਕਿਵੇਂ ਪਿਤਾ ਨੂੰ ਰਸਤੇ ਤੋਂ ਹਟਾਇਆ ਜਾਵੇ ਅਤੇ ਸਾਰੀ ਜਾਇਦਾਦ ਉਸ ਦੀ ਹੋ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ ’ਚ ਅਫ਼ਸਰਾਂ ਦੇ ਵੱਡੇ ਪੱਧਰ ’ਤੇ ਹੋਏ ਤਬਾਦਲੇ, ਪੜ੍ਹੋ ਲਿਸਟ
ਕੰਮ ਮੰਗਣ ਆਏ ਲੋਕਾਂ ਨੂੰ ਸੁਪਾਰੀ ਦੇ ਕੇ ਬਣਾ ਦਿੱਤਾ ਕਾਤਲ
ਸੀ. ਪੀ. ਸ਼ਰਮਾ ਦਾ ਕਹਿਣਾ ਹੈ ਕਿ ਮੁਲਜ਼ਮ ਬਲਵਿੰਦਰ ਸਿੰਘ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਸੀ, ਜਦਕਿ ਬਾਕੀ ਦੋਵੇਂ ਮੁਲਜ਼ਮ ਮਜ਼ਦੂਰੀ ਕਰਦੇ ਸਨ। ਮੁਲਜ਼ਮ ਪਿਛਲੇ ਸਮੇਂ ਤੋਂ ਬਿਲਕੁਲ ਫ੍ਰੀ ਬੈਠੇ ਸਨ ਅਤੇ ਉਨ੍ਹਾਂ ਕੋਲ ਕੰਮ-ਧੰਦਾ ਨਹੀਂ ਸੀ। ਲਗਭਗ 15 ਦਿਨ ਪਹਿਲਾਂ ਮੁਲਜ਼ਮ ਹਰਮੀਤ ਸਿੰਘ ਕੋਲ ਕੰਮ ਦੀ ਭਾਲ ਵਿਚ ਆਏ ਸਨ। ਮੁਲਜ਼ਮਾਂ ਨੇ ਉਸ ਸਮੇਂ ਕੁਝ ਵੀ ਕੰਮ ਕਰਨ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਹਰਮੀਤ ਨੇ ਪਲਾਨਿੰਗ ਬਣਾਉਣੀ ਸ਼ੁਰੂ ਕਰ ਦਿੱਤੀ। ਹਰਮੀਤ ਸਿੰਘ ਨੇ ਮੁਲਜ਼ਮਾਂ ਨੂੰ ਉਸੇ ਸਮੇਂ ਬੋਲਿਆ ਕਿ ਉਨ੍ਹਾਂ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਹੈ, ਜਿਸ ਬਦਲੇ ਉਨ੍ਹਾਂ ਨੂੰ ਢਾਈ ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਬਾਅਦ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਹੋ ਗਏ। 2 ਦਿਨ ਪਹਿਲਾਂ ਹੀ ਵਾਰਦਾਤ ਦੀ ਪੂਰੀ ਪਲਾਨਿੰਗ ਬਣਾ ਲਈ ਸੀ।
ਇਕੱਲਾ ਪਿਤਾ ਸੀ ਟਾਰਗੈੱਟ, ਵਿਰੋਧ ਕਰਨ ’ਤੇ ਮਾਂ ਨੂੰ ਵੀ ਮਾਰਿਆ
ਪੁਲਸ ਮੁਤਾਬਕ ਹਰਮੀਤ ਸਿੰਘ ਨੇ ਮੁਲਜ਼ਮਾਂ ਨੂੰ ਸਿਰਫ ਆਪਣੇ ਪਿਤਾ ਭੁਪਿੰਦਰ ਸਿੰਘ ਦੇ ਕਤਲ ਲਈ ਕਿਹਾ ਸੀ। ਮਾਂ ਨੂੰ ਮਾਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਜਦ ਕਾਤਲ ਭੁਪਿੰਦਰ ਦਾ ਕਤਲ ਕਰ ਰਹੇ ਸਨ ਤਾਂ ਉਸ ਦੀ ਪਤਨੀ ਉੱਠ ਗਈ। ਲੋਕਾਂ ਨੂੰ ਆਪਣੇ ਕਮਰੇ ’ਚ ਦੇਖ ਰੌਲਾ ਪਾਉਣਾ ਚਾਹਿਆ ਅਤੇ ਵਿਰੋਧ ਕੀਤਾ ਤਾਂ ਕਾਤਲਾਂ ਨੇ ਉਸ ਦਾ ਮੂੰਹ ਦਬਾ ਕੇ ਉਸ ਨੂੰ ਵੀ ਮਾਰ ਦਿੱਤਾ। ਮਾਂ ਦੀ ਮੌਤ ਤੋਂ ਬਾਅਦ ਹਰਮੀਤ ਨੂੰ ਕੋਈ ਅਫਸੋਸ ਨਹੀਂ ਹੋਇਆ ਸੀ। ਪੁਲਸ ਆਉਣ ਤੋਂ ਬਾਅਦ ਉਸ ਨੇ ਡਰਾਮੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਪੰਜਾਬ ਦੀਆਂ ਜੇਲ੍ਹਾਂ ’ਚ ਅਫ਼ਸਰਾਂ ਦੇ ਵੱਡੇ ਪੱਧਰ ’ਤੇ ਹੋਏ ਤਬਾਦਲੇ, ਪੜ੍ਹੋ ਲਿਸਟ
NEXT STORY