ਜਲੰਧਰ (ਅਰੁਣ ਚੋਪੜਾ)- ਸੂਬੇ ਭਰ ‘ਚ ਚੋਣ ਪ੍ਰਚਾਰ ਬੰਦ ਹੋ ਚੁੱਕਾ ਹੈ। ਪੰਚਾਇਤੀ ਚੋਣਾਂ ਲਈ ਇਸ ਵਾਰ ਪ੍ਰਚਾਰ ਦੌਰਾਨ ਜਿਆਦਾਤਰ ਪਿੰਡਾਂ ‘ਚੋਂ ਨਸ਼ਿਆਂ ਦਾ ਮੁੱਦਾ ਪੂਰੀ ਤਰ੍ਹਾਂ ਨਾਲ ਗਾਇਬ ਰਿਹਾ। ਇਹ ਮੁੱਦਾ ਗਾਇਬ ਕਿਉਂ ਰਿਹਾ ਹਰ ਇਕ ਦੇ ਮਨ ‘ਚ ਸਵਾਲ ਤਾਂ ਜ਼ਰੂਰ ਸੀ ਜਿਸ ਦਾ ਜਵਾਬ ਚੋਣ ਪ੍ਰਚਾਰ ਦੇ ਰੁਕਦੇ ਹੀ ਲੋਕਾਂ ਨੂੰ ਖੁਦ ਮਿਲਣ ਲੱਗਾ। ਇਹ ਜਵਾਬ ਸੀ ਵੋਟਾਂ ਲੈਣ ਲਈ ਕੁਝ ਉਮੀਦਵਾਰਾਂ ਵਲੋਂ ਵੰਡੇ ਜਾਣ ਵਾਲੇ ਨਸ਼ੇ। ਇਨ੍ਹਾਂ ਨਸ਼ਿਆਂ ਦੇ ਮੁੱਦੇ ਨੂੰ ਚੋਣ ਪ੍ਰਚਾਰ ‘ਚ ਜੇਕਰ ਕੋਈ ਚੁਕਦਾ ਤਾਂ ਫਿਰ ਉਹ ਪਿੰਡ ਦੀਆਂ ਉਨ੍ਹਾਂ ਵੋਟਾਂ ਨੂੰ ਕਿਵੇਂ ਹਾਸਿਲ ਕਰਦਾ ਜੋ ਕਿਸੇ ਵੀ ਸਸਤੇ ਨਸ਼ੇ ਦੇ ਬਦਲੇ ਉਸ ਨੂੰ ਮਿਲ ਜਾਣੀਆਂ ਸਨ।
ਸ਼ੁਕਰਵਾਰ ਸ਼ਾਮ ਤੋਂ ਹੀ ਸੂਬੇ ਦੇ ਕਈ ਪਿੰਡਾਂ ਅੰਦਰ ਪਿਆਕੜਾਂ ਦੀਆਂ ਮੌਜਾਂ ਲੱਗ ਗਈਆਂ ਹਨ। ‘ਜੁਗਨੀ, ਰਾਮ ਪਿਆਰੀ’ ਦੇ ਨਾਮ ਦੇ ਕੋਡ ਵਰਡਾਂ ਨਾਮ ‘ਤੇ ਸ਼ਰਾਬ ਦੀਆਂ ਬੋਤਲਾਂ ਵੰਡੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਹੋਰ ਨਸ਼ੇ ਵੀ ਵੰਡਣ ਤੋਂ ਪਿੰਡਾਂ ਅੰਦਰ ਪਰਹੇਜ ਨਹੀਂ ਕੀਤਾ ਜਾ ਰਿਹਾ। ਇਕ ਉਮੀਦਵਾਰ ਨੇ ਨਾਮ ਨਾ ਛਾਪਣ ਦੀ ਸ਼ਰਤ ਦੀ ਦੱਸਿਆ ਕਿ ਪਿੰਡਾਂ ਅੰਦਰ ਇਹ ਨਸ਼ੇ ਉਨ੍ਹਾਂ ਨੂੰ ਮਜ਼ਬੂਰੀ ਵਸ ਵੰਡਣੇ ਪੈ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਕਿਸੇ ਮਾਂ ਦਾ ਪੁੱਤ ਜਾਂ ਭੈਣ ਦਾ ਭਰਾ ਨਸ਼ੇ ਕਰੇ ਪਰ ਪੰਚਾਇਤ ਦਾ ਹਿੱਸਾ ਬਣਨ ਲਈ ਉਨ੍ਹਾਂ ਨੂੰ ਅਜਿਹੇ ਕੰਮਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।ਇਹੀ ਨਹੀਂ ਇਸਦੇ ਨਾਲ-ਨਾਲ ਰੁਪਏ ਵੰਡਣ 'ਚ ਵੀ ਕੁਝ ਉਮੀਦਵਾਰਾਂ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।
ਕਈ ਪਿੰਡਾਂ ਅੰਦਰ ਨਹੀਂ ਮੱਚੇ ਚੁੱਲ੍ਹੇ
ਪੰਜਾਬ ਦੇ ਕਈ ਪਿੰਡ ਅਜਿਹੇ ਵੀ ਹਨ, ਜਿਥੇ ਕਈ ਦਿਨਾਂ ਤੋਂ ਲੋਕਾਂ ਨੇ ਆਪਣੇ ਚੁੱਲੇ ਮੱਚਾ ਕੇ ਦੇਖੇ ਹੋਣ। ਚੁੱਲਿਆਂ ‘ਚ ਅੱਗ ਮੱਚੇ ਵੀ ਕਿਉਂ ਜਦ ਪੂਰੇ ਪਿੰਡ ਵਿਚ ਹੀ ਵਿਆਹ ਵਰਗਾ ਮਾਹੌਲ ਹੋਵੇ। ਪੰਚੀ ਸਰਪੰਚੀ ਦੇ ਉਮੀਦਵਾਰਾਂ ਵਲੋਂ ਲੋਕਾਂ ਤੋਂ ਵੋਟਾਂ ਲੈਣ ਲਈ ਕਈ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤੇ ਗਏ ਹਨ। ਸਵੇਰੇ ਤੋਂ ਸ਼ਾਮ ਤਕ ਪਕੋੜੇ, ਰੋਟੀ-ਪਾਣੀ ਤੇ ਹੋਰ ਕਈ ਤਰ੍ਹਾਂ ਦੀਆਂ ਵਸਤਾਂ ਵਰਤਾਇਆਂ ਜਾ ਰਹੀਆਂ ਹਨ। ਔਰਤ ਵੋਟਰਾਂ ਲਈ ਵੱਖਰੇ ਤੌਰ ‘ਤੇ ਪ੍ਰਬੰਧ ਕੀਤੇ ਗਏ ਹਨ।
ਆਰਥਿਕ ਪੱਖੋ ਕਮਜੋਰ ਉਮੀਦਵਾਰ ‘ਲੋਹੇ-ਲਾਖੇ’
ਪੰਜਾਬ ਭਰ ‘ਚ ਪੰਚਾਇਤੀ ਚੋਣਾਂ ਜਿਆਦਾਤਰ ਉਮੀਦਵਾਰਾਂ ਵਲੋਂ ਸਿਰਫ “ਚੌਧਰ” (ਪੰਚੀ ਜਾਂ ਸਰਪੰਚੀ) ਦੀ ਲਾਲਸਾ ਲਈ ਲੜੀ ਜਾਂਦੀ ਹੈ। ਪਿੰਡ ਦੇ ਕੁਝ ਸਰਮਾਏਦਾਰ ਇਨ੍ਹਾਂ ਚੋਣਾਂ ‘ਚ ਆਪਣੀ ਜਿੱਤ ਨੂੰ ਆਪਣੀ ਅਣਖ ਦਾ ਸਵਾਲ ਬਣਾ ਲੈਂਦੇ ਹਨ। ਜਿਸ ਕਾਰਨ ਉਹ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਇਨ੍ਹਾਂ ਚੋਣਾਂ ਲਈ ਉਹ ਕਿੰਨਾ ਖਰਚ ਕਰ ਰਹੇ ਹਨ। ਇਸ ਸਭ ਤੋਂ ਉਲਟ ਆਰਥਿਕ
ਪੱਖੋਂ ਕਮਜੋਰ ਉਮੀਦਵਾਰ ਇਨ੍ਹਾਂ ਉਮੀਦਵਾਰਾਂ ਵਲੋਂ ਕੀਤੇ ਜਾਂਦੇ ਅਨ੍ਹੇ-ਵਾਹ ਖਰਚ ਨੂੰ ਦੇਖ ਕੇ ਸਿਰਫ ਅੰਦਰੋ-ਅੰਦਰੀ ਲੋਹੇ-ਲਾਖੇ ਹੋ ਰਹੇ ਹਨ ਕਿਉਂਕਿ ਆਪ ਤਾਂ ਉਹ ਬਰਾਬਰ ਦਾ ਖਰਚ ਕਰਨ ਤੋਂ ਅਸਮਰਥ ਹੁੰਦੇ ਹਨ । ਜਿਸ ਕਾਰਨ ਉਹ ਪੋਲਿੰਗ ਤੋਂ ਪਹਿਲਾਂ ਹੀ ਖੁਦ ਦੀ ਹਾਰ ਨੂੰ ਮਹਿਸੂਸ ਕਰ ਰਹੇ ਹਨ। ਇਨ੍ਹਾਂ ਕਾਰਨਾਂ ਕਾਰਨ ਹੀ ਕਈ ਵਾਰ ਤਾਂ ਇਮਾਨਦਾਰ ਉਮੀਦਵਾਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪੈ ਜਾਂਦੇ ਹੈ।
ਚੋਣ ਕਮਿਸ਼ਨ ਸਖਤ ਪਰ......
ਚੋਣ ਕਮਿਸ਼ਨ ਨੇ ਭਾਵੇਂ ਇਸ ਵਾਰ ਚੋਣਾਂ ਦੌਰਾਨ ਚੋਣ ਅਧਿਕਾਰੀਆਂ ‘ਤੇ ਬੇਹੱਦ ਸਖਤੀ ਦਿਖਾਈ ਹੈ ਪਰ ਲੋਡ਼ ਹੈ ਕਿ ਇਸੇ ਤਰ੍ਹਾਂ ਦੀ ਸਖਤੀ ਪਿੰਡਾਂ ਅੰਦਰ ਵਰਤਣ ਦੀ। ਪਿੰਡ ਪੱਧਰ ‘ਤੇ ਵੰਡੇ ਜਾ ਰਹੇ ਨਸ਼ਿਆਂ ਦੇ ਵਰਤਾਰੇ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ।
ਪੰਚਾਇਤੀ ਚੋਣਾਂ: ਜਠਾਣੀ ਨੇ ਫੜ੍ਹੇ ਸਮਾਨ ਵੰਡਦੇ ਦਰਾਣੀ ਦੇ ਸਮਰਥਕ
NEXT STORY