ਫਾਜ਼ਿਲਕਾ (ਨਾਗਪਾਲ, ਲੀਲਾਧਰ) - ਚੋਣ ਕਮਿਸ਼ਨ ਦੇ ਨੁਮਾਇੰਦੇ ਅੱਜ ਪਿਛਲੀਆਂ ਫਾਜ਼ਿਲਕਾ ਵਿਧਾਨ ਸਭਾ ਚੋਣਾਂ ਸਮੇਂ ਦਾ ਰਿਕਾਰਡ ਕਬਜ਼ੇ 'ਚ ਲੈਣ ਲਈ ਫਾਜ਼ਿਲਕਾ ਪੁੱਜੇ। ਵਰਣਨਯੋਗ ਹੈ ਕਿ ਚੋਣ ਪਟੀਸ਼ਨ ਨੰਬਰ 3 ਆਫ 2017 (ਸੁਰਜੀਤ ਕੁਮਾਰ ਜਿਆਣੀ ਵਰਸਿਸ ਦਵਿੰਦਰ ਸਿੰਘ) ਦੇ ਵਿਚ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਉਮਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਕੇਸ ਚੱਲ ਰਿਹਾ ਹੈ। ਮਾਰਕੀਟ ਕਮੇਟੀ ਦੇ ਸਟਰਾਂਗ ਰੂਮ 'ਚ ਅੱਜ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ 'ਚ ਰਿਕਾਰਡ ਸੀਲਬੰਦ ਕੀਤਾ ਗਿਆ।
ਇਸ ਮੌਕੇ ਚੋਣ ਕਮਿਸ਼ਨ ਦੇ ਸਹਾਇਕ ਸੈਕਸ਼ਨ ਅਧਿਕਾਰੀ ਹਰੀਸ਼ ਕੁਮਾਰ, ਐੱਮ. ਟੀ. ਸੀ. ਦੇ ਜਸਵੰਤ ਕੁਮਾਰ ਨੂੰ ਫਾਜ਼ਿਲਕਾ ਇਲਾਕੇ ਦੇ ਰਿਟਰਨਿੰਗ ਅਧਿਕਾਰੀ-ਕਮ-ਐੱਸ. ਡੀ. ਐੱਮ. ਬਲਬੀਰ ਰਾਜ ਸਿੰਘ ਨੇ ਨਾਮਜ਼ਦਗੀ ਸਬੰਧੀ ਰਿਕਾਰਡ ਸਪੁਰਦ ਕੀਤਾ। ਚੋਣ ਕਮਿਸ਼ਨ ਨੇ ਅਦਾਲਤ ਦੇ ਹੁਕਮਾਂ ਮੁਤਾਬਕ ਦਵਿੰਦਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਸਮੇਂ ਦਿੱਤੇ ਗਏ ਦਸਤਾਵੇਜ਼ ਪ੍ਰਾਪਤ ਕੀਤੇ। ਵਰਣਨਯੋਗ ਹੈ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਐੱਮ. ਪੀ. ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਅਤੇ ਰਾਜ ਦੇ ਸਭ ਤੋਂ ਘੱਟ ਉਮਰ ਦੇ ਐੱਮ. ਐੱਲ. ਏ. ਦਵਿੰਦਰ ਸਿੰਘ ਘੁਬਾਇਆ ਨੇ ਇਸ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਸਮੇਂ ਆਪਣਾ ਨਾਮਜ਼ਦਗੀ ਪੱਤਰ ਭਰਦੇ ਸਮੇਂ ਜਨਮ ਸਰਟੀਫਿਕੇਟ ਨੂੰ ਉਮਰ ਦੇ ਸਬੂਤ ਵਜੋਂ ਲਾਇਆ ਸੀ। ਇਸ ਚੋਣ 'ਚ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਵਿੰਦਰ ਸਿੰਘ ਘੁਬਾਇਆ ਤੋਂ 265 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।
ਪ੍ਰਪੋਜ਼ ਡੇ : ਇਜ਼ਹਾਰ-ਏ-ਮੁਹੱਬਤ ਦੀ ਆਈ ਘੜੀ
NEXT STORY