ਤਪਾ ਮੰਡੀ (ਸ਼ਾਮ ਗਰਗ): ਤਾਜੋਕੇ ਰੋਡ ਸਥਿਤ ਮੁੱਖ ਯਾਰਡ ਵਿਖੇ ਉਸ ਸਮੇਂ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਬਿਹਾਰ ਤੋਂ ਆ ਕੇ ਇੱਥੇ ਮਜ਼ਦੂਰੀ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਝੋਨੇ ਨੂੰ ਪੱਖਾ ਲਗਾਉਂਦੇ ਸਮੇਂ ਅਚਾਨਕ ਜ਼ਬਰਦਸਤ ਕਰੰਟ ਆ ਗਿਆ। ਇਸ ਹਾਦਸੇ ਵਿਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਮਜ਼ਦੂਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਘਟਨਾ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਮਜ਼ਦੂਰਾਂ ਦੇ ਸਾਥੀਆਂ ਵਿਚ ਮਾਤਮ ਛਾ ਗਿਆ।
ਜਾਣਕਾਰੀ ਅਨੁਸਾਰ, ਇਹ ਪ੍ਰਵਾਸੀ ਮਜ਼ਦੂਰ ਬਾਲਾ ਜੀ ਕਮਿਸ਼ਨ ਏਜੰਟ ਦੀ ਆੜ੍ਹਤ ਵਾਲੀ ਦੁਕਾਨ ’ਤੇ ਕੰਮ ਕਰਦੇ ਸਨ। ਦੱਸਿਆ ਜਾਂਦਾ ਹੈ ਕਿ ਜਦੋਂ ਉਹ ਫੜ ਵਿੱਚ ਪਏ ਝੋਨੇ ਨੂੰ ਪੱਖਾ ਲਗਾਉਣ ਲਈ ਪਲੱਗ ਵਿਚ ਸਵਿੱਚ ਪਾਉਣ ਲੱਗੇ ਤਾਂ ਅਚਾਨਕ ਬਿਜਲੀ ਦਾ ਜ਼ਬਰਦਸਤ ਕਰੰਟ ਆ ਗਿਆ। ਕਰੰਟ ਲੱਗਣ ਕਾਰਨ ਮਜ਼ਦੂਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਹੇਠਾਂ ਡਿੱਗ ਪਏ। ਇਸ ਅਚਾਨਕ ਵਾਪਰੀ ਘਟਨਾ ਕਾਰਨ ਮੌਕੇ ’ਤੇ ਮੌਜੂਦ ਲੋਕਾਂ ਵਿਚ ਹਫ਼ੜਾ-ਦਫ਼ੜੀ ਮੱਚ ਗਈ।
ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਆੜ੍ਹਤੀਆਂ, ਮਜ਼ਦੂਰਾਂ, ਕਿਸਾਨਾਂ ਅਤੇ ਮਾਰਕੀਟ ਕਮੇਟੀ ਨਾਲ ਸਬੰਧਤ ਵਿਅਕਤੀਆਂ ਨੇ ਤੁਰੰਤ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਪਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਹਸਪਤਾਲ ਵਿਚ ਡਾਕਟਰੀ ਜਾਂਚ ਤੋਂ ਬਾਅਦ ਸਚਿਨ ਪਾਸਵਾਨ ਪੁੱਤਰ ਕੇਵਲ ਪਾਸਵਾਨ ਅਤੇ ਰੁਦਨ ਪਾਸਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਰਜਿਤ ਰਾਓ ਪੁੱਤਰ ਲਖਮਣ ਰਾਓ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਕਾਰਨ ਇਲਾਜ ਅਧੀਨ ਹੈ।
ਇਸ ਦੁਖਦਾਈ ਘਟਨਾ ਨੇ ਮਜ਼ਦੂਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਰੋਜ਼ੀ-ਰੋਟੀ ਕਮਾਉਣ ਲਈ ਬਿਹਾਰ ਤੋਂ ਪੰਜਾਬ ਆਏ ਇਨ੍ਹਾਂ ਮਜ਼ਦੂਰਾਂ ਨਾਲ ਵਾਪਰੀ ਇਸ ਘਟਨਾ ਕਾਰਨ ਉਨ੍ਹਾਂ ਦੇ ਸਾਥੀਆਂ ਅਤੇ ਜਾਣਕਾਰਾਂ ਵਿੱਚ ਗਹਿਰਾ ਦੁੱਖ ਪਾਇਆ ਜਾ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਤੱਕ ਇਹ ਖ਼ਬਰ ਪਹੁੰਚਣ ਤੋਂ ਬਾਅਦ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਬਠਿੰਡਾ 'ਚ ਇਸ ਪਿੰਡ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! 15 ਦਿਨਾਂ 'ਚ 3 ਮੌਤਾਂ, ਗੰਭੀਰ ਬੀਮਾਰੀ ਨੇ ਵਧਾਈ ਚਿੰਤਾ
NEXT STORY