ਜਲੰਧਰ(ਸੁਮਿਤ)— ਸਾਰੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਵਿਚ ਸਿੱਖਿਆ ਦਿਵਾਉਣਾ ਚਾਹੁੰਦੇ ਹਨ ਪਰ ਬਹੁਤ ਸਾਰੇ ਮਾਪੇ ਆਪਣਾ ਇਹ ਸੁਪਨਾ ਪੂਰਾ ਨਹੀਂ ਕਰ ਸਕਦੇ ਕਿਉਂਕਿ ਇਸ ਦੇ ਲਈ ਉਨ੍ਹਾਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਦਾਖਲ ਕਰਵਾਉਣਾ ਪੈਂਦਾ ਹੈ, ਜਿਸ ਵਿਚ ਪੈਸਿਆਂ ਦੀ ਕਮੀ ਰੁਕਾਵਟ ਬਣਦੀ ਹੈ ਪਰ ਹੁਣ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਵੀ ਅੰਗਰੇਜ਼ੀ ਮੀਡੀਅਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਲਈ ਪੂਰੀ ਯੋਜਨਾ ਬਣਾ ਲਈ ਗਈ ਹੈ ਅਤੇ ਹੁਣ ਇਸ ਯੋਜਨਾ ਨੂੰ ਅਮਲੀ ਜਾਮਾ ਪੁਆਉਣ ਲਈ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਯੋਜਨਾ ਅਧੀਨ ਵਿਭਾਗ ਵਲੋਂ ਪਹਿਲਾਂ ਸੂਬੇ ਦੇ ਸਾਰੇ ਬਲਾਕਾਂ ਵਿਚੋਂ 2-2 ਸਕੂਲਾਂ ਵਿਚ ਅੰਗਰੇਜ਼ੀ ਮੀਡੀਅਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਸਕੂਲਾਂ ਦੀ ਚੋਣ ਕਰਨ ਦੀ ਜ਼ਿੰਮੇਵਾਰੀ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓਜ਼) ਨੂੰ ਸੌਂਪੀ ਗਈ ਹੈ। ਇਹ ਉਹ ਸਕੂਲ ਹੋਣਗੇ ਜਿਨ੍ਹਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਵੇਗੀ।
ਜਾਣਕਾਰੀ ਮੁਤਾਬਕ ਸਾਰੇ ਡੀ. ਈ. ਓਜ਼ ਵਲੋਂ ਇਸ ਮਾਮਲੇ ਨਾਲ ਸੰਬੰਧਤ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਜਲਦੀ ਹੀ ਇਸ ਸੂਚੀ ਨੂੰ ਸਿੱਖਿਆ ਵਿਭਾਗ ਪੰਜਾਬ ਵਲੋਂ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਵਿਭਾਗ ਦੇ ਇਸ ਫੈਸਲੇ ਨਾਲ ਮਾਪੇ ਵੀ ਖੁਸ਼ ਹਨ ਕਿਉਂਕਿ ਉਨ੍ਹਾਂ ਨੂੰ ਹੁਣ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਵਿਚ ਪੜ੍ਹਾਉਣ ਲਈ ਜ਼ਿਆਦਾ ਪੈਸੇ ਨਹੀਂ ਖਰਚ ਕਰਨੇ ਪੈਣਗੇ। ਇਸਦੇ ਨਾਲ ਹੀ ਸਿੱਖਿਆ ਮਾਹਿਰਾਂ ਦਾ ਵੀ ਕਹਿਣਾ ਹੈ ਕਿ ਸਿੱਖਿਆ ਵਿਭਾਗ ਨਾਲ ਜੁੜੇ ਅੰਗੇਰਜ਼ੀ ਮੀਡੀਅਮ ਵਿਚ ਪੜ੍ਹਾਈ ਅਜੋਕੇ ਦੌਰ ਦੀ ਲੋੜ ਵੀ ਹੈ।
2018-19 'ਚ ਅੰਗਰੇਜ਼ੀ ਮੀਡੀਅਮ ਹੋਵੇਗਾ ਸ਼ੁਰੂ
ਨਵੀਂ ਬਣੀ ਯੋਜਨਾ ਦੇ ਅਧੀਨ ਸਰਕਾਰੀ ਸਕੂਲ ਜੋ ਅੰਗਰੇਜ਼ੀ ਮੀਡੀਅਮ ਵਿਚ ਬਦਲੇ ਜਾਣਗੇ, ਉਨ੍ਹਾਂ ਸਕੂਲਾਂ ਵਿਚ ਅੰਗਰੇਜ਼ੀ ਮੀਡੀਅਮ ਦੀ ਪੜ੍ਹਾਈ ਅਗਲੇ ਸਾਲ 2018-19 ਵਿਚ ਸ਼ੁਰੂ ਕਰ ਦਿੱਤੀ ਜਾਵੇਗੀ। ਭਾਵੇਂ ਇਸ ਦੇ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਦੀ ਲੋੜ ਹੈ ਪਰ ਫਿਰ ਵੀ ਇਸ ਨੂੰ ਅਗਲੇ ਸੈਸ਼ਨ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ।
ਸਕੂਲਾਂ 'ਚ ਵਧੇਗੀ ਐਨਰੋਲਮੈਂਟ
ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਮੀਡੀਅਮ ਸ਼ੁਰੂ ਕਰਨ ਦੇ ਫੈਸਲੇ ਨਾਲ ਐਨਰੋਲਮੈਂਟ ਵੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਜੋ ਮਾਪੇ ਸਿਰਫ ਇਸ ਲਈ ਪ੍ਰਾਈਵੇਟ ਸਕੂਲਾਂ ਦਾ ਰੁਖ਼ ਕਰਦੇ ਕਿਉਂਕਿ ਉਥੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ, ਉਹ ਹੁਣ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਵੀ ਦਾਖਲਾ ਦਿਵਾਉਣਗੇ।
ਸ੍ਰੀ ਮੁਕਤਸਰ ਸਾਹਿਬ ਵਿਚ ਡੀ. ਸੀ ਨੇ ਸੁਣੀਆਂ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ (ਵੀਡੀਓ)
NEXT STORY