ਜਲੰਧਰ, (ਧਵਨ)— ਸੂਬੇ 'ਚ 16 ਕੋਰੋਨਾ ਪੋਜ਼ੇਟਿਵ ਪੰਜਾਬ ਪੁਲਸ ਦੇ ਮੁਲਾਜ਼ਮਾਂ 'ਚੋਂ 8 ਨੂੰ ਐਤਵਾਰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਦ ਕਿ ਦੂਜੇ ਪਾਸੇ ਫਰੰਟ ਲਾਈਨ 'ਤੇ ਡਿਊਟੀ ਦੇ ਰਹੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਸਾਵਧਾਨੀ ਤੇ ਸੁਰੱਖਿਆ ਦੇ ਉਪਰਾਲਿਆਂ ਨੂੰ ਅਪਣਾਉਂਦਿਆਂ ਸੂਬਾ ਪੁਲਸ ਨੇ 20 ਹੋਰ ਜ਼ਿਲ੍ਹਾ ਕੁਆਰੰਟਾਈਨ ਸੈਂਟਰਾਂ ਦੀ ਸਥਾਪਨਾ ਕੀਤੀ ਹੈ । ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਨੋਟੀਫਾਈਡ ਕੀਤੇ ਇਨ੍ਹਾਂ ਕੁਆਰੰਟਾਈਨ ਸੈਂਟਰਾਂ ਦੀ ਕੁੱਲ ਗਿਣਤੀ ਵਧ ਕੇ 78 ਹੋ ਗਈ ਹੈ ।
ਕੁਆਰੰਟਾਈਨ ਪੁਲਸ ਮੁਲਾਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਜੀ. ਪੀ. ਨੇ ਦੱਸਿਆ ਕਿ ਕੁੱਲ 190 ਮੁਲਾਜ਼ਮਾਂ 'ਚੋਂ ਜ਼ਿਲ੍ਹਾ ਪੁਲਸ ਦੇ 110 ਅਤੇ ਆਰਮਡ ਪੁਲਸ ਦੇ 80 ਮੁਲਾਜ਼ਮ ਕੁਆਰੰਟਾਈਨ ਹਨ, ਜਿਨ੍ਹਾਂ ਨੂੰ ਵਿਭਾਗ ਵੱਲੋਂ ਸਥਾਪਤ ਜ਼ਿਲ੍ਹਾ ਕੁਆਰੰਟਾਈਨ ਸੈਂਟਰਾਂ 'ਚ ਰੱਖਿਆ ਗਿਆ ਹੈ ਕਿਉਂਕਿ ਇਹ ਮੁਲਾਜ਼ਮ ਪੋਜ਼ੇਟਿਵ ਵਿਅਕਤੀਆਂ ਦੇ ਸੰਪਰਕ 'ਚ ਆਏ ਸਨ । ਇਸ ਤੋਂ ਇਲਾਵਾ 90 ਹੋਰ ਜ਼ਿਲ੍ਹਾ ਪੁਲਸ ਮੁਲਾਜ਼ਮ ਤੇ 69 ਆਰਮਡ ਪੁਲਸ ਮੁਲਾਜ਼ਮਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ । ਇਸ ਤਰ੍ਹਾਂ ਕੁੱਲ ਕੁਆਰੰਟਾਈਨ ਕੀਤੇ ਮੁਲਾਜ਼ਮਾਂ ਦੀ ਗਿਣਤੀ 349 ਹੈ, ਜਦ ਕਿ ਪਹਿਲਾਂ ਇਹ ਗਿਣਤੀ 615 ਸੀ, ਜਿਨ੍ਹਾਂ 'ਚੋਂ 266 ਮੁਲਾਜ਼ਮਾਂ ਨੇ ਜ਼ਰੂਰੀ ਕੁਆਰੰਟਾਈਨ ਮਿਆਦ ਨੂੰ ਪੂਰਾ ਕਰ ਲਿਆ ਹੈ । ਉਨ੍ਹਾਂ ਕਿਹਾ ਕਿ ਕੁਆਰੰਟਾਈਨ ਸੈਂਟਰਾਂ 'ਚ ਮੁਲਾਜ਼ਮਾਂ ਦੀ ਦੇਖਭਾਲ ਲਈ ਪ੍ਰੋਟੋਕੋਲ ਦੀ ਪਾਲਣਾ ਹੋ ਰਹੀ ਹੈ । ਇਸੇ ਤਰ੍ਹਾਂ ਘਰਾਂ 'ਚ ਕੁਆਰੰਟਾਈਨ ਕੀਤੇ ਪੁਲਸ ਮੁਲਾਜ਼ਮਾਂ ਸਬੰਧੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਮੈਡੀਕਲ ਅਧਿਕਾਰੀ ਇਨ੍ਹਾਂ ਮੁਲਾਜ਼ਮਾਂ 'ਤੇ ਨਜ਼ਰ ਰੱਖ ਰਹੇ ਹਨ ।
ਡੀ.ਜੀ.ਪੀ. ਅਨੁਸਾਰ ਕੁਆਰੰਟਾਈਨ ਪੁਲਸ ਮੁਲਾਜ਼ਮਾਂ ਅਤੇ ਪੋਜ਼ੇਟਿਵ ਆਏ 16 ਮੁਲਾਜ਼ਮਾਂ ਬਾਰੇ ਵਿਸ਼ਲੇਸ਼ਣ ਕਰਨ 'ਤੇ ਪਤਾ ਲੱਗਦਾ ਹੈ ਕਿ 150 ਮੁਲਾਜ਼ਮਾਂ ਨੂੰ ਪੁੱਛਗਿੱਛ ਲਈ ਲਿਆਂਦੇ ਗਏ ਮੁਲਜ਼ਮਾਂ ਤੋਂ ਕੋਰੋਨਾ ਬਾਰੇ ਪਤਾ ਲੱਗਿਆ ਕਿਉਂਕਿ ਬਾਅਦ 'ਚ ਇਨ੍ਹਾਂ ਮੁਲਾਜ਼ਮਾਂ ਦੇ ਟੈਸਟ ਕਰਨ ਤੋਂ ਬਾਅਦ ਕੋਰੋਨਾ ਪੋਜ਼ੇਟਿਵ ਮਿਲਿਆ ਸੀ । ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਸਮੇਂ 118 ਪੁਲਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਸਨ । ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ 'ਚ 54 ਮੁਲਾਜ਼ਮਾਂ ਨੂੰ ਕੁਆਰੰਟਾਈਨ ਕੀਤਾ ਗਿਆ ਕਿਉਂਕਿ ਉਹ ਬੁਢਲਾਡਾ ਦੇ ਇਨਫੈਕਟਡ ਖੇਤਰ 'ਚ ਡਿਊਟੀ ਦੇ ਰਹੇ ਸਨ । ਲੁਧਿਆਣਾ 'ਚ 11 ਮੁਲਾਜ਼ਮਾਂ ਨੂੰ ਕੁਆਰੰਟਾਈਨ ਕੀਤਾ ਗਿਆ ਕਿਉਂਕਿ ਕੋਰੋਨਾ ਨਾਲ ਹੋਈ ਮੌਤ ਸਮੇਂ ਉਹ ਡਿਊਟੀ 'ਤੇ ਸਨ । ਇਸ ਤੋਂ ਇਲਾਵਾ ਵਿਭਾਗ ਦੇ ਭਲਾਈ ਬੋਰਡ ਵੱਲੋਂ ਹਰ ਰੋਜ਼ ਕੁਆਰੰਟਾਈਨ ਕੀਤੇ ਮੁਲਾਜ਼ਮਾਂ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ । ਹਰ ਰੋਜ਼ ਪੋਜ਼ੇਟਿਵ ਕੇਸਾਂ ਵਾਲੇ ਮੁਲਾਜ਼ਮਾਂ ਬਾਰੇ ਜਾਣਕਾਰੀ ਉੱਚ ਅਧਿਕਾਰੀਆਂ ਤਕ ਪਹੁੰਚਾਈ ਜਾਂਦੀ ਹੈ । ਡੀ. ਜੀ. ਪੀ. ਅਨੁਸਾਰ ਪੀ. ਏ. ਪੀ. ਦੇ ਸਪੈਸ਼ਲ ਡੀ.ਜੀ.ਪੀ. ਵੱਲੋਂ ਆਰਮਡ ਇਕਾਈਆਂ ਦੇ ਕੁਆਰੰਟਾਈਨ ਕੀਤੇ ਪੁਲਸ ਕਰਮਚਾਰੀਆਂ ਦੇ ਹੈਲਥ ਸਟੇਟਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਆਉਣ ਵਾਲੇ ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਡਾਈਟ ਬਾਰੇ ਵੀ ਪੂਰੀ ਜਾਣਕਾਰੀ ਲਈ ਜਾ ਰਹੀ ਹੈ । ਏ. ਡੀ. ਜੀ. ਪੀ. ਵੀ. ਨੀਰਜਾ ਦੀ ਪ੍ਰਧਾਨਗੀ ਹੇਠ ਇਕ ਵਟ੍ਹਸਐਪ ਗਰੁੱਪ ਬਣਾਇਆ ਗਿਆ ਹੈ, ਜਿਸ ਨਾਲ ਕੋਰੋਨਾ ਪੋਜ਼ੇਟਿਵ ਮੁਲਾਜ਼ਮਾਂ ਨੂੰ ਜੋੜਿਆ ਗਿਆ ਹੈ । ਇਸ ਕਾਰਨ ਉਹ ਉਚ ਅਧਿਕਾਰੀਆਂ ਨਾਲ ਸਿੱਧੇ ਸੰਪਰਕ 'ਚ ਹਨ । ਡੀ. ਜੀ. ਪੀ. ਨੇ ਫਿਰ ਦੁਹਰਾਇਆ ਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਸਾਹ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਮੁਲਾਜ਼ਮਾਂ ਨੂੰ ਫਰੰਟ ਲਾਈਨ ਡਿਊਟੀ ਤੋਂ ਹਟਾਇਆ ਜਾਵੇ । ਪੁਲਸ ਪਹਿਲਾਂ ਹੀ 55 ਸਾਲ ਤੋਂ ਵੱਧ ਦੀ ਉਮਰ ਵਾਲੇ ਮੁਲਾਜ਼ਮਾਂ ਨੂੰ ਡਿਊਟੀ ਤੋਂ ਹਟਾ ਚੁੱਕੀ ਹੈ ।
ਮੁੱਖ ਮੰਤਰੀ ਸ਼ਰਾਬ ਘਪਲੇ 'ਚ 4 ਕਾਂਗਰਸੀ ਆਗੂਆਂ ਸਮੇਤ ਰਸੂਖਵਾਨ ਮੁਲਜ਼ਮਾਂ ਖਿਲਾਫ ਕਰਨ ਕਾਰਵਾਈ: ਅਕਾਲੀ ਦਲ
NEXT STORY