ਸੁਲਤਾਨਪੁਰ ਲੋਧੀ, (ਸੋਢੀ)- ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਵਲੋਂ ਭਾਈ ਸੁਖਜੀਤ ਸਿੰਘ ਖੋਸੇ ਦੀ ਅਗਵਾਈ ਹੇਠ ਪਾਵਨ ਨਗਰੀ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਬਣੇ ਹੋਏ ਗੁਰੂ ਨਾਨਕ ਸਟੇਡੀਅਮ ਦੀ ਸਫਾਈ ਕਰਵਾਈ ਗਈ ਤੇ ਸਟੇਡੀਅਮ ਦੀ ਗਰਾਊਂਡ 'ਚ ਭੰਗ ਦੇ ਬੂਟਿਆਂ ਨੂੰ ਕੱਟ ਕੇ ਟਰੈਕਟਰ ਰੋਟਾਵੇਟਰ ਨਾਲ ਵਾਹ ਕੇ ਸਾਰੀ ਗਰਾਊਂਡ ਨੂੰ ਸੁੰਦਰ ਬਣਾਇਆ ਗਿਆ।
ਇਸ ਸਮੇਂ ਸਫਾਈ ਦੀ ਸੇਵਾ ਦੌਰਾਨ ਸਟੇਡੀਅਮ ਦੀ ਗਰਾਊਂਡ 'ਚੋਂ ਭਾਰੀ ਗਿਣਤੀ 'ਚ ਟੀਕੇ ਲਗਾਉਣ ਵਾਲੀਆਂ ਸਰਿੰਜਾਂ ਤੇ ਸੂਈਆਂ ਦਾ ਭੰਡਾਰਾ ਮਿਲਿਆ ਤੇ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ। ਸਟੇਡੀਅਮ ਦੀ ਚਾਰੇ ਪਾਸੇ ਕਹਿਰ ਦੀ ਗਰਮੀ 'ਚ ਸਫਾਈ ਕਰਨ ਲਈ ਸੇਵਾ ਕਰਨ ਵਾਲੇ ਸਤਿਕਾਰ ਕਮੇਟੀ ਮੈਂਬਰਾਂ ਤੇ ਟਰੈਕਟਰ ਨਾਲ ਤਵੀਆਂ ਤੇ ਰੋਟਾਵੇਟਰ ਫੇਰ ਕੇ ਗਰਾਊਂਡ 'ਚੋਂ ਪੂਰੀ ਤਰ੍ਹਾਂ ਮਿੱਟੀ ਬਾਰੀਕ ਕੀਤੀ ਗਈ। ਇਸ ਸਮੇਂ ਟਰੈਕਟਰ ਤੇ ਰੋਟਾਵੇਟਰ ਨਾਲ ਵਾਹੁਣ ਦੀ ਸੇਵਾ ਕਰਨ ਵਾਲੇ ਸਮਾਜ ਸੇਵਕ ਗੁਰਦੇਵ ਸਿੰਘ ਪਿੰਡ ਬਾਜਾ ਦਾ ਭਾਈ ਸੁਖਜੀਤ ਸਿੰਘ ਖੋਸੇ ਵਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਤੇ ਹੋਰ ਸੰਗਤਾਂ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਨਗਰੀ ਦੀ ਸਫਾਈ ਰੱਖਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਖੋਸੇ ਨੇ ਦੋਸ਼ ਲਾਇਆ ਕਿ ਥਾਣਾ ਸੁਲਤਾਨਪੁਰ ਲੋਧੀ ਤੋਂ ਸਿਰਫ 200 ਮੀਟਰ ਦੀ ਦੂਰੀ 'ਤੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਨਸ਼ਿਆਂ ਦਾ ਸੇਵਨ ਖੁੱਲ੍ਹੇਆਮ ਨੌਜਵਾਨ ਕਰਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਟੇਡੀਅਮ ਦੀ ਗਰਾਊਂਡ 'ਚ ਨਸ਼ੇੜੀ ਹਰ ਰੋਜ਼ ਸਮੈਕ ਤੇ ਹੋਰ ਘਾਤਕ ਨਸ਼ੇ ਪੀਂਦੇ ਹਨ ਤੇ ਪੁਲਸ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਹਿਰ ਦੀਆਂ ਸੰਗਤਾਂ ਨੇ ਇਤਲਾਹ ਦਿੱਤੀ ਸੀ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜਲੇ ਸਟੇਡੀਅਮ 'ਚ ਭੰਗ ਤੇ ਹੋਰ ਘਾਹ ਬੂਟੀ ਇੰਨੀ ਜ਼ਿਆਦਾ ਹੈ ਕਿ ਇਸ ਦਾ ਨਸ਼ੇੜੀ ਸੇਵਨ ਕਰਦੇ ਹਨ ਤੇ ਨਸ਼ਿਆਂ ਦੇ ਟੀਕੇ ਲਗਾਉਂਦੇ ਹਨ। ਉਨ੍ਹਾਂ ਜਿਉਂ ਹੀ ਸਟੇਡੀਅਮ 'ਚ ਅਚਨਚੇਤ ਜਾ ਕੇ ਦੇਖਿਆ ਤਾਂ ਤਿੰਨ ਅਣਪਛਾਤੇ ਨੌਜਵਾਨ ਬੈਠੇ ਨਸ਼ੀਲਾ ਪਾਊਡਰ ਸਮੈਕ ਆਦਿ ਲੈ ਰਹੇ ਸਨ ਤਾਂ ਉਨ੍ਹਾਂ ਨੂੰ ਵੇਖ ਕੇ ਉਹ ਭੱਜ ਗਏ।
ਭਾਈ ਖੋਸੇ ਨੇ ਕਿਹਾ ਕਿ ਸਟੇਡੀਅਮ ਅੰਦਰੋਂ ਭਾਰੀ ਗਿਣਤੀ 'ਚ ਬਰਾਮਦ ਹੋਈਆਂ ਸਰਿੰਜਾਂ, ਸੂਈਆਂ ਤੇ ਸ਼ਰਾਬ ਦੀਆਂ ਬੋਤਲਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਇਥੇ ਨਸ਼ਿਆਂ ਦੇ ਟੀਕੇ ਲਗਾਉਣ ਲਈ ਗਲਤ ਅਨਸਰ ਆਉਂਦੇ ਜਾਂਦੇ ਰਹਿੰਦੇ ਹਨ। ਉਨ੍ਹਾਂ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਪੜਤਾਲ ਕਰਵਾਉਣ 'ਤੇ ਨਸ਼ਿਆਂ ਦੇ ਕਾਰੋਬਾਰ ਕਰਦੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਪਾਸੇ ਕੈਪਟਨ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਪੰਜਾਬ 'ਚੋਂ ਨਸ਼ਾ ਖਤਮ ਹੋ ਗਿਆ ਹੈ ਤੇ ਦੂਜੇ ਪਾਸੇ ਨਸ਼ੇੜੀ ਸ਼ਰੇਆਮ ਨਸ਼ਾ ਕਰ ਰਹੇ ਹਨ। ਇਸ ਸਮੇਂ ਉਨ੍ਹਾਂ ਨਾਲ ਭਾਈ ਚਰਨ ਸਿੰਘ, ਭਾਈ ਗੁਰਸੇਵਕ ਸਿੰਘ, ਜਤਿੰਦਰ ਸਿੰਘ, ਭਾਈ ਹੈਪੀ ਸਿੰਘ, ਭਾਈ ਪਰਮਜੀਤ ਸਿੰਘ ਤੇ ਭਾਈ ਨਿਸ਼ਾਨ ਸਿੰਘ ਖਾਲਸਾ ਆਦਿ ਨੇ ਸਟੇਡੀਅਮ ਦੀ ਸਫਾਈ ਕਰਵਾਈ।
ਨਾਜਾਇਜ਼ ਸ਼ਰਾਬ ਸਮੇਤ ਪਤੀ-ਪਤਨੀ ਸਣੇ ਤਿੰਨ ਕਾਬੂ
NEXT STORY