ਸਪੋਰਟਸ ਡੈਸਕ- ਗੁਰੂ ਪੂਰਣਿਮਾ ਸਿਰਫ਼ ਇੱਕ ਰਵਾਇਤੀ ਤਿਉਹਾਰ ਨਹੀਂ, ਬਲਕਿ ਗੁਰੂ ਅਤੇ ਚੇਲੇ ਦਰਮਿਆਨ ਅਟੁੱਟ ਵਿਸ਼ਵਾਸ ਅਤੇ ਨਿਸ਼ਠਾ ਦੇ ਅਟੱਲ ਰਿਸ਼ਤੇ ਦੀ ਨਿਸ਼ਾਨੀ ਹੈ। ਇਹ ਮੌਕਾ ਉਹਨਾਂ ਗੁਰੂਆਂ ਨੂੰ ਸਿਰ ਨਿਵਾਉਣ ਦਾ ਹੁੰਦਾ ਹੈ, ਜਿਨ੍ਹਾਂ ਨਾ ਸਿਰਫ਼ ਕਿਸੇ ਵਿੱਚ ਹੁਨਰ ਪਛਾਣਿਆ, ਬਲਕਿ ਉਸਨੂੰ ਦਿਸ਼ਾ ਵੀ ਦਿੱਤੀ। ਕੋਚ ਗੌਰਵ ਖੰਨਾ ਅਤੇ ਸਰਵਜੀਤ ਸਿੰਘ ਹੈਪੀ ਅਜਿਹੇ ਹੀ ਗੁਰੂ ਹਨ, ਜਿਨ੍ਹਾਂ ਪਲਕ ਕੋਹਲੀ ਅਤੇ ਗੁਰਿੰਦਰਵੀਰ ਸਿੰਘ ਵਰਗੇ ਖਿਡਾਰੀਆਂ ਦੇ ਜੀਵਨ ਨੂੰ ਨਵੀਂ ਉਡਾਣ ਦਿੱਤੀ।
ਹੌਂਸਲੇ ਨਾਲ ਪਲਕ ਦੀ ਪੁਲਾਂਘ : ਕੋਚ ਗੌਰਵ
ਕੋਚ ਗੌਰਵ ਖੰਨਾ ਦੱਸਦੇ ਹਨ ਕਿ ਉਹ ਜਲੰਧਰ ਰੇਲਵੇ ਟੂਰਨਾਮੈਂਟ ਵਿੱਚ ਭਾਗ ਲੈਣ ਆਏ ਸਨ ਜਦ ਉਹਨਾਂ ਦੀ ਮੁਲਾਕਾਤ ਬਾਜ਼ਾਰ ਵਿੱਚ ਪਲਕ ਕੋਹਲੀ ਨਾਲ ਹੋਈ। "ਉਸਦੇ ਇਕ ਹੱਥ ਦੀ ਕਮੀ ਸੀ, ਪਰ ਗੱਲਾਂ 'ਚ ਹੌਂਸਲਾ ਸੀ। ਮੈਂ ਉਸਨੂੰ ਬੈਡਮਿੰਟਨ ਖੇਡਣ ਦੀ ਪ੍ਰੇਰਣਾ ਦਿੱਤੀ, ਰਸਤਾ ਵਿਖਾਇਆ। ਪਲਕ ਨੇ ਉਮੀਦ ਤੋਂ ਵਧ ਪ੍ਰਦਰਸ਼ਨ ਕੀਤਾ। ਅੱਜ ਉਹ ਪੈਰਾਲਿੰਪਿਕ ਤੱਕ ਪਹੁੰਚ ਚੁੱਕੀ ਹੈ ਤੇ ਦੇਸ਼ ਲਈ ਮਾਣ ਜਿੱਤਿਆ ਹੈ। ਹੁਣ ਉਹ ਚੋਟ ਨਾਲ ਜੂਝ ਰਹੀ ਹੈ, ਪਰ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਫਰਵਰੀ ਵਿੱਚ ਵਿਸ਼ਵ ਚੈਂਪੀਅਨਸ਼ਿਪ 'ਚ ਵਾਪਸੀ ਕਰੇਗੀ।"
"ਸਰ ਨੇ ਰੈਕਟ ਫੜਨਾ ਸਿਖਾਇਆ": ਪਲਕ ਕੋਹਲੀ
ਪਲਕ ਦੱਸਦੀ ਹੈ ਕਿ ਉਹ ਕੋਚ ਗੌਰਵ ਨਾਲ ਮਾਲ ਦੇ ਬਾਹਰ ਮਿਲੀ ਸੀ। "ਉਨ੍ਹਾਂ ਨੇ ਮੈਨੂੰ ਪੈਰਾ ਗੇਮਜ਼ ਬਾਰੇ ਦੱਸਿਆ ਤੇ ਬੈਡਮਿੰਟਨ ਖੇਡਣ ਦੀ ਸਲਾਹ ਦਿੱਤੀ। ਅੱਜ ਮੇਰੀ ਜ਼ਿੰਦਗੀ 'ਚ ਬੈਡਮਿੰਟਨ ਉਨ੍ਹਾਂ ਕਰਕੇ ਹੈ।"
ਇੱਕ ਸਿੱਖਿਆ ਨੇ ਗੁਰਿੰਦਰ ਨੂੰ ਚਮਕਾ ਦਿੱਤਾ: ਕੋਚ ਹੈਪੀ
ਕੋਚ ਸਰਵਜੀਤ ਸਿੰਘ ਹੈਪੀ ਨੇ ਦੱਸਿਆ ਕਿ 2014 ਵਿੱਚ ਗੁਰਿੰਦਰਵੀਰ ਸਿੰਘ ਪਹਿਲੀ ਵਾਰ ਉਨ੍ਹਾਂ ਕੋਲ ਆਇਆ। ਸ਼ੁਰੂ ਵਿੱਚ ਉਹ ਬਿਨਾਂ ਸੰਥੇਟਿਕ ਟਰੈਕ ਦੇ ਅਭਿਆਸ ਕਰਦਾ ਸੀ। CBSE ਨੈਸ਼ਨਲਜ਼ ਵਿੱਚ ਰਿਕਾਰਡ ਬਣਾਉਣ ਤੋਂ ਬਾਅਦ ਉਹਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। "ਇੱਕ ਸਮਾਂ ਅਜਿਹਾ ਵੀ ਆਇਆ ਜਦ ਉਹ ਪੇਟ ਅਤੇ ਮਾਸਪੇਸ਼ੀਆਂ ਦੀ ਚੋਟ ਕਾਰਨ ਖੇਡ ਛੱਡਣ ਦੀ ਸੋਚ ਰਿਹਾ ਸੀ। ਉਹ ਵਿਦੇਸ਼ ਵੱਸਣ ਦੀ ਯੋਜਨਾ ਬਣਾ ਰਿਹਾ ਸੀ। ਫਿਰ ਮੈਂ ਉਸਦੇ ਪਿਤਾ ਨਾਲ ਗੱਲ ਕੀਤੀ ਤੇ ਉਸਨੂੰ ਸਮਝਾਇਆ। ਅੱਜ ਉਹ 100 ਮੀਟਰ ਵਿੱਚ 10.18 ਸਕਿੰਟ ਨਾਲ ਨੈਸ਼ਨਲ ਰਿਕਾਰਡ ਧਾਰੀ ਹੈ। ਰਿਲੇ ਤੇ ਅੰਡਰ-20 ਵਿੱਚ ਵੀ ਉਸਦੇ ਨਾਮ ਰਿਕਾਰਡ ਹਨ। ਅੱਜਕੱਲ੍ਹ ਉਹ ਜਰਮਨੀ ਵਿੱਚ ਵਿਸ਼ਵ ਯੂਨੀਵਰਸਿਟੀ ਗੇਮਜ਼ 'ਚ ਭਾਗ ਲੈ ਰਿਹਾ ਹੈ।"
"ਟਰੇਨਿੰਗ ਸ਼ਡਿਊਲ ਨੇ ਰਾਹ ਖੋਲ੍ਹਿਆ": ਗੁਰਿੰਦਰਵੀਰ
ਗੁਰਿੰਦਰਵੀਰ ਸਿੰਘ ਕਹਿੰਦਾ ਹੈ, "ਸਿਰਫ਼ ਢੰਗ ਦੀ ਟਰੇਨਿੰਗ ਹੀ ਖਿਡਾਰੀ ਬਣਾਉਂਦੀ ਹੈ। ਮੇਰੇ ਕੋਚ ਦੇ ਬਣਾਏ ਟਰੇਨਿੰਗ ਸ਼ਡਿਊਲ ਨੇ ਮੈਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਦਾ ਰਾਹ ਦਿੱਤਾ। ਉਨ੍ਹਾਂ ਦੀ ਪ੍ਰੇਰਣਾ ਨਾਲ ਮੈਨੂੰ ਅੱਗੇ ਵਧਣ ਦਾ ਮੌਕਾ ਮਿਲਿਆ।"
ਇਸ ਗੁਰੂ ਪੂਰਣਿਮਾ 'ਤੇ ਅਸੀਂ ਉਹਨਾਂ ਸੱਚੇ ਗੁਰੂਆਂ ਨੂੰ ਸਲਾਮ ਕਰਦੇ ਹਾਂ ਜੋ ਆਪਣੀ ਦੂਰਦਰਸ਼ਤਾ, ਸਨਮਾਨ ਅਤੇ ਮਿਹਨਤ ਨਾਲ ਚੇਲਿਆਂ ਨੂੰ ਮੰਜ਼ਿਲ ਤੱਕ ਲਿਜਾਉਂਦੇ ਹਨ।
ਨੋਵਾਕ ਜੋਕੋਵਿਚ ਰਿਕਾਰਡ 14ਵੀਂ ਵਾਰ ਵਿੰਬਲਡਨ ਸੈਮੀਫਾਈਨਲ ਵਿੱਚ ਪਹੁੰਚੇ
NEXT STORY