ਪਟਿਆਲਾ/ਰਾਜਪੁਰਾ (ਜ. ਬ. ) : ਐਕਸਾਈਜ਼ ਅਤੇ ਪਟਿਆਲਾ ਪੁਲਸ ਨੇ ਸੰਯੁਕਤ ਕਾਰਵਾਈ ਕਰਦਿਆਂ ਥਾਣਾ ਸ਼ੰਭੂ ਅਧੀਨ ਜੀ. ਟੀ. ਰੋਡ 'ਤੇ ਪੈਂਦੇ ਇਕ ਬੰਦ ਪਏ ਕੋਲਡ ਸਟੋਰ 'ਚ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ, ਜਿੱਥੋਂ ਹਜ਼ਾਰਾਂ ਲੀਟਰ ਲਾਹਣ, ਖਾਲ੍ਹੀ ਬੋਤਲਾਂ ਅਤੇ ਮਸ਼ੀਨਾਂ ਬਰਾਮਦ ਕੀਤੀਆਂ ਹਨ। ਇਸ ਮਾਮਲੇ 'ਚ ਇਕ ਕਾਂਗਰਸੀ ਵਿਧਾਇਕ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਸਰਪੰਚ ਸਮੇਤ ਅੱਧਾ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਮੌਕੇ 'ਤੇ ਹੀ ਥਾਣਾ ਸ਼ੰਭੂ ਦੇ ਐੱਸ. ਐੱਚ. ਓ. ਪ੍ਰੇਮ ਸਿੰਘ ਨੂੰ ਲਾਈਨ-ਹਾਜ਼ਰ ਕਰ ਕੇ ਉਸ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਸ. ਪੀ. ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿਚ ਦਿਪੇਸ਼ ਕੁਮਾਰ ਵਾਸੀ ਰਾਜਪੁਰਾ, ਹਰਪ੍ਰੀਤ ਸਿੰਘ ਵਾਸੀ ਥੂਹਾ, ਅਮਰੀਕ ਸਿੰਘ ਵਾਸੀ ਖਾਨਪੁਰ ਖੁਰਦ, ਅਮਿਤ ਕੁਮਾਰ ਵਾਸੀ ਉੱਤਰ ਪ੍ਰਦੇਸ਼, ਬੱਚੀ ਅਤੇ ਕੋਲਡ ਸਟੋਰ ਦੇ ਮਾਲਕ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਈ. ਟੀ. ਓ. ਪਟਿਆਲਾ ਉਪਕਾਰ ਸਿੰਘ, ਐਕਸਾਈਜ਼ ਇੰਸਪੈਕਟਰ ਰਾਜਪੁਰਾ ਸੁਰਜੀਤ ਸਿੰਘ ਢਿੱਲੋਂ ਅਤੇ ਜਗਦੇਵ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਰਾਜਪੁਰਾ ਵਾਸੀ ਦਿਪੇਸ਼ ਕੁਮਾਰ ਅਤੇ ਅਮਿਤ ਕੁਮਾਰ ਆਪਣੇ ਸਾਥੀਆਂ ਨਾਲ ਮਿਲ ਕੇ ਕੋਲਡ ਸਟੋਰ ਵਿਖੇ ਨਕਲੀ ਸ਼ਰਾਬ ਤਿਆਰ ਕਰਦੇ ਹਨ। ਆਬਕਾਰੀ ਅਧਿਕਾਰੀਆਂ ਨੇ ਸਮੇਤ ਪੁਲਸ ਫੋਰਸ ਛਾਪਾ ਮਾਰਿਆ ਤਾਂ ਮੁੱਖ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਅਤੇ ਉੱਥੇ ਕੰਮ ਕਰ ਰਿਹਾ ਇਕ ਵਿਅਕਤੀ ਪੁਲਸ ਨੇ ਕਾਬੂ ਕਰ ਲਿਆ। ਅਧਿਕਾਰੀਆਂ ਨੇ ਜਦੋਂ ਤਲਾਸ਼ੀ ਲਈ ਤਾਂ ਉਥੋਂ ਲਾਹਨ ਨਾਲ ਭਰੇ ਦੋ ਦਰਜਨ ਤੋਂ ਵੱਧ ਡਰੰਮ ਬਰਾਮਦ ਹੋਏ, ਜਿਨ੍ਹਾਂ 'ਚ ਹਜ਼ਾਰਾਂ ਲੀਟਰ ਲਾਹਣ ਸੀ। ਇਸ ਤੋਂ ਇਲਾਵਾ ਰਾਇਲ ਸਟੈਗ, ਮਸਤੀ ਮਾਲਟਾ, ਲਾਜਵਾਬ ਸੋਫੀਆ ਅਤੇ ਰਸੀਲਾ ਸੰਤਰਾ ਦੀਆਂ ਖਾਲ੍ਹੀ ਬੋਤਲਾਂ ਅਤੇ ਹੋਲੋਗ੍ਰਾਮ ਬਰਾਮਦ ਹੋਏ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੂਰੁ ਕਰ ਦਿੱਤੀ ਹੈ । ਇਸ ਕਾਰਵਾਈ ਨਾਲ ਸ਼ਰਾਬ ਦੇ ਮਾਮਲੇ 'ਚ ਸਰਕਾਰ 'ਤੇ ਫੇਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਕਿ ਆਖਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਵਿਚ ਨਕਲੀ ਸ਼ਰਾਬ ਦਾ ਇਨ੍ਹਾ ਵੱਡਾ ਕਾਰੋਬਾਰ ਚੱਲ ਰਿਹਾ ਹੈ।
ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਮੌਕੇ 'ਤੇ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਈ ਵਾਰ ਕਿਹਾ ਕਿ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਦੇਸ਼, ਸਮਾਜ ਅਤੇ ਸੂਬੇ ਦੇ ਦੁਸ਼ਮਣ ਹਨ। ਜਿਸ ਤਰ੍ਹਾਂ ਉਨ੍ਹਾਂ ਵੱਲੋਂ ਇਹ ਵਾਰ-ਵਾਰ ਕਿਹਾ ਗਿਆ ਉਸ ਤੋਂ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ ਕਿ ਐੱਸ. ਐੱਸ. ਪੀ. ਦਾ ਇਸ਼ਾਰਾ ਆਖਰ ਕਿਸ ਵੱਲ ਸੀ।
ਕੋਰੋਨਾ ਸੰਕਟ ਮੀਡੀਆ ਜਗਤ ਵਿਚ ਲਿਆ ਰਿਹਾ ਹੈ ਵੱਡੀਆਂ ਤਬਦੀਲੀਆਂ
NEXT STORY