ਅਜਨਾਲਾ/ਅੰਮ੍ਰਿਤਸਰ, (ਰਮਨਦੀਪ/ਫਰਿਆਦ, ਸੂਰੀ)- ਬੀਤੇ ਦਿਨ ਕਰਜ਼ੇ ਤੋਂ ਤੰਗ ਆ ਕੇ ਆਤਮਹੱਤਿਆ ਕਰਨ ਵਾਲੇ ਬਲਵੰਤ ਸਿੰਘ ਦੀ ਲਾਸ਼ ਨੂੰ ਅਜਨਾਲਾ ਦੇ ਮੁੱਖ ਚੌਕ 'ਚ ਰੱਖ ਕੇ ਵਾਰਿਸਾਂ ਨੇ ਲੰਬਾ ਸਮਾਂ ਧਰਨਾ ਲਾਇਆ ਤੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਬਲਵੰਤ ਸਿੰਘ ਉਰਫ ਗੁੱਜਰ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ 8 ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਤੋਂ ਇਲਾਵਾ ਮ੍ਰਿਤਕ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਧਰਨੇ ਦੌਰਾਨ ਮ੍ਰਿਤਕ ਬਲਵੰਤ ਸਿੰਘ ਦੇ ਭਰਾ ਮੁਖਤਾਰ ਸਿੰਘ ਤੇ ਸੇਵਾਮੁਕਤ ਆਈ. ਏ. ਐੱਸ. ਅਧਿਕਾਰੀ ਸਵਰਨ ਸਿੰਘ ਨੇ ਕਿਹਾ ਕਿ ਆਪਣੀ ਰੋਜ਼ੀ-ਰੋਟੀ ਕਮਾ ਰਹੇ ਨੌਜਵਾਨ ਬਲਵੰਤ ਸਿੰਘ ਗੁੱਜਰ ਨੂੰ ਅਜਨਾਲਾ ਦੇ 8 ਵਿਅਕਤੀਆਂ ਵੱਲੋਂ ਲਏ ਪੈਸੇ ਵਾਪਸ ਨਾ ਕਰਨ ਕਰ ਕੇ ਇਹ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਕਿ ਜੇਕਰ ਤੂੰ ਸਾਡੇ ਪੈਸੇ ਨਾ ਦਿੱਤੇ ਤਾਂ ਅਸੀਂ ਤੈਨੂੰ ਜਾਨੋਂ ਮਾਰ ਦੇਵਾਂਗੇ, ਜਿਸ ਦਾ ਜ਼ਿਕਰ ਬਲਵੰਤ ਸਿੰਘ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਲਿਖੇ ਸੁਸਾਈਡ ਨੋਟ ਵਿਚ ਕੀਤਾ ਸੀ। ਸੱਤਾਧਾਰੀ ਪਾਰਟੀ ਦੇ ਆਗੂ ਹੋਣ ਕਾਰਨ ਬਲਵੰਤ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਨੂੰ ਥਾਣਾ ਅਜਨਾਲਾ ਦੀ ਪੁਲਸ ਗ੍ਰਿਫਤਾਰ ਨਹੀਂ ਕਰ ਰਹੀ।
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸੂਬੇ 'ਚ ਰਾਜ ਕਰ ਰਹੀ ਸੱਤਾ ਧਿਰ ਵੱਲੋਂ ਕਿਹਾ ਗਿਆ ਸੀ ਕਿ ਕਿਸਾਨਾਂ-ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣਗੇ ਪਰ ਹੁਣ ਉਸੇ ਹੀ ਪਾਰਟੀ ਦੇ ਆਗੂ ਜਿਨ੍ਹਾਂ ਲੋਕਾਂ ਕੋਲੋਂ ਪੈਸੇ ਲੈਣੇ ਹਨ, ਨੂੰ ਹੀ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਸ਼ਾਮਲ ਸਾਰੇ 8 ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਬਲਵੰਤ ਸਿੰਘ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਧਰਨਾ ਸਥਾਨ 'ਤੇ ਪੁੱਜੇ ਡੀ. ਐੱਸ. ਪੀ. ਅਜਨਾਲਾ ਰਵਿੰਦਰਪਾਲ ਸਿੰਘ ਢਿੱਲੋਂ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ 'ਚ ਸ਼ਾਮਲ ਵਿਅਕਤੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ, ਜਿਸ ਉਪਰੰਤ ਧਰਨਾਕਾਰੀ ਧਰਨੇ ਨੂੰ ਸਮਾਪਤ ਕਰ ਕੇ ਬਲਵੰਤ ਸਿੰਘ ਦੀ ਲਾਸ਼ ਅੰਤਿਮ ਸੰਸਕਾਰ ਕਰਨ ਲਈ ਉਸ ਦੇ ਜੱਦੀ ਪਿੰਡ ਬੋਪਾਰਾਏ ਕਲਾਂ ਵੱਲ ਰਵਾਨਾ ਹੋ ਗਏ।
ਇਸ ਮੌਕੇ ਨਿਸ਼ਾਨ ਸਿੰਘ, ਸੁਖਵਿੰਦਰ ਸਿੰਘ, ਗੁਰਮੇਜ ਸਿੰਘ ਤੇ ਕਾਲਾ ਸਿੰਘ ਸਮੇਤ ਵੱਡੀ ਗਿਣਤੀ 'ਚ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹਾਜ਼ਰ ਸਨ।
ਨਾਜਾਇਜ਼ ਸ਼ਰਾਬ ਤੇ ਜਾਅਲੀ ਨੰਬਰ ਵਾਲੇ ਆਟੋ ਸਣੇ ਇਕ ਗ੍ਰਿਫਤਾਰ
NEXT STORY