ਅੰਮ੍ਰਿਤਸਰ, (ਸੰਜੀਵ)- ਨਿਊ ਕੋਟ ਆਤਮਾ ਰਾਮ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ (21) ਦੀ ਅੱਜ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਜੋ ਕੁੱਟ-ਮਾਰ ਦੌਰਾਨ ਜ਼ਖ਼ਮੀ ਹੋਣ 'ਤੇ ਕੋਮਾ ਵਿਚ ਚਲਾ ਗਿਆ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਥਾਣਾ ਸੁਲਤਾਨਵਿੰਡ ਦੇ ਬਾਹਰ ਰੱਖ ਕੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਸਬੰਧੀ ਪੁਲਸ ਵਿਰੁੱਧ ਪ੍ਰਦਰਸ਼ਨ ਕੀਤਾ। ਤਿੰਨ ਘੰਟੇ ਤੱਕ ਚੱਲੇ ਇਸ ਰੋਸ ਪ੍ਰਦਰਸ਼ਨ ਦੌਰਾਨ ਉੱਚ ਪੁਲਸ ਅਧਿਕਾਰੀਆਂ ਵੱਲੋਂ ਠੋਸ ਕਾਰਵਾਈ ਕਰਨ ਅਤੇ ਕਾਤਲਾਂ ਨੂੰ ਛੇਤੀ ਗ੍ਰਿਫਤਾਰ ਕਰਨ ਦੇ ਭਰੋਸੇ 'ਤੇ ਧਰਨਾ ਚੁੱਕ ਕੇ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਮ੍ਰਿਤਕ ਨਾਲ ਕੁੱਟਮਾਰ ਕਰਨ ਵਾਲੇ ਸੁਖਦੇਵ ਸਿੰਘ, ਲਖਬੀਰ ਸਿੰਘ, ਸਿਮਰਨਜੀਤ ਸਿੰਘ, ਪਰਮਜੀਤ ਕੌਰ, ਬੌਬੀ ਅਤੇ ਉਨ੍ਹਾਂ ਦੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਕੁੱਟ-ਮਾਰ ਦਾ ਕੇਸ ਦਰਜ ਕੀਤਾ ਸੀ, ਜਿਸ ਨੂੰ ਅੱਜ ਕਤਲ ਦੇ ਮਾਮਲੇ ਵਿਚ ਤਬਦੀਲ ਕਰ ਦਿੱਤਾ ਗਿਆ। ਪੁਲਸ ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਜਦੋਂ ਕਿ ਮੁਲਜ਼ਮਾਂ ਨੂੰ ਛੇਤੀ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਕੀ ਸੀ ਮਾਮਲਾ ਅਤੇ ਕਿਉਂ ਕੀਤਾ ਗਿਆ ਹਮਲਾ ? : ਨਿਊ ਕੋਟ ਆਤਮਾ ਰਾਮ ਦਾ ਰਹਿਣ ਵਾਲਾ ਬਲਬੀਰ ਸਿੰਘ ਸਰਕਾਰੀ ਅਹੁਦੇ ਤੋਂ ਸੇਵਾਮੁਕਤ ਹੈ ਅਤੇ ਮ੍ਰਿਤਕ ਬਿਕਰਮਜੀਤ ਸਿੰਘ ਉਨ੍ਹਾਂ ਦਾ ਪੋਤਰਾ ਸੀ। ਸਾਰੇ ਹਮਲਾਵਰ ਬਲਬੀਰ ਸਿੰਘ ਦੇ ਗੁਆਂਢੀ ਹਨ ਜਿਨ੍ਹਾਂ ਦੀ ਧੀ ਦਾ ਰਿਸ਼ਤਾ ਤਿੰਨ ਸਾਲ ਪਹਿਲਾਂ ਬਲਬੀਰ ਸਿੰਘ ਨੇ ਆਪਣੇ ਇਕ ਐੱਨ.ਆਰ.ਆਈ. ਰਿਸ਼ਤੇਦਾਰ ਨਾਲ ਕਰਵਾਇਆ ਸੀ। ਵਿਆਹ ਉਪਰੰਤ ਕੁੜੀ-ਮੁੰਡੇ ਵਿਚ ਅਣਬਣ ਰਹਿਣ ਲੱਗੀ ਜਿਸ ਕਾਰਨ ਦੋਵਾਂ ਦਾ ਤਲਾਕ ਹੋ ਗਿਆ ਸੀ। ਇਸ ਤਲਾਕ ਦਾ ਕਾਰਨ ਉਕਤ ਦੋਸ਼ੀ ਬਲਬੀਰ ਸਿੰਘ ਨੂੰ ਮੰਣਦੇ ਸਨ ਕਿਉਂਕਿ ਰਿਸ਼ਤਾ ਉਸ ਵੱਲੋਂ ਕਰਵਾਇਆ ਗਿਆ ਸੀ ਉਹ ਬਲਬੀਰ ਸਿੰਘ ਦੇ ਪਰਿਵਾਰ ਨਾਲ ਮਨ ਵਿਚ ਰੰਜਿਸ਼ ਰੱਖਦੇ ਸਨ। ਕੁਝ ਦਿਨ ਪਹਿਲਾਂ ਐੱਨ.ਆਰ.ਆਈ. ਨੌਜਵਾਨ ਸੁਲਤਾਨਵਿੰਡ ਰੋਡ 'ਤੇ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਆਇਆ ਹੋਇਆ ਸੀ ਜਿਸ ਦੀ ਭਿਣਕ ਜਦੋਂ ਮੁਲਜ਼ਮਾਂ ਨੂੰ ਲੱਗੀ ਤਾਂ ਉਹ ਬਾਜ਼ਾਰ ਵਿਚ ਗਾਲੀ-ਗਲੋਚ ਕਰਨ ਲੱਗੇ ਜਦੋਂ ਬਲਬੀਰ ਸਿੰਘ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦੇ ਨਾਲ ਵੀ ਝਗੜ ਪਏ ਜਿਸ ਸਬੰਧ ਵਿਚ ਬਲਬੀਰ ਸਿੰਘ ਵੱਲੋਂ ਥਾਣਾ ਸੁਲਤਾਨਵਿੰਡ ਨੂੰ ਸ਼ਿਕਾਇਤ ਦਿੱਤੀ ਸੀ।
ਪੁਲਸ ਵਿਚ ਸ਼ਿਕਾਇਤ ਦੇਣ ਦੀ ਰੰਜਿਸ਼ ਕਾਰਨ ਬੀਤੇ ਦਿਨੀ ਉਕਤ ਮੁਲਜ਼ਮਾਂ ਨੇ ਬਲਬੀਰ ਸਿੰਘ ਦੇ ਪੋਤਰੇ ਬਿਕਰਮਜੀਤ ਸਿੰਘ 'ਤੇ ਉਸ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਦੋਸ਼ੀ ਉਸ ਨੂੰ ਗੰਭੀਰ ਜ਼ਖ਼ਮੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਨੂੰ ਇਲਾਜ ਲਈ ਸਥਾਨਕ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਸਿਰ 'ਤੇ ਸੱਟ ਲੱਗਣ ਦੇ ਕਾਰਨ ਬਿਕਰਮਜੀਤ ਸਿੰਘ ਕੋਮਾ ਵਿਚ ਚਲਾ ਗਿਆ ਅਤੇ ਇਲਾਜ ਦੇ ਦੌਰਾਨ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਅੱਜ ਪੁਲਸ ਵਿਰੁੱਧ ਪ੍ਰਦਰਸ਼ਨ ਕਰ ਕੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਦਾ ? : ਥਾਣਾ ਸੁਲਤਾਨਵਿੰਡ ਦੇ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਵਿਰੁੱਧ ਦਰਜ ਮਾਮਲੇ ਵਿਚ ਕਤਲ ਦੀ ਧਾਰਾ ਨੂੰ ਜੋੜ ਦਿੱਤਾ ਗਿਆ ਹੈ, ਜਿਸ ਵਿਚ ਮੁੱਖ ਦੋਸ਼ੀ ਸਿਮਰਨਜੀਤ ਸਿੰਘ ਨੂੰ ਤਾਂ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਾਰਟ ਟਾਈਮ ਲੈਕਚਰਾਰਾਂ ਨੇ ਤਕਨੀਕੀ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲਾਏ ਡੇਰੇ
NEXT STORY