ਲੁਧਿਆਣਾ ( ਬਿਊਰੋ) : ਮਸ਼ਹੂਰ ਗਾਇਕ ਕਰਨ ਔਜਲਾ ਆਏ ਦਿਨ ਕਿਸੇ ਨਾ ਕਿਸੇ ਕਾਰਨ ਵਿਵਾਦਾਂ 'ਚ ਘਿਰ ਜਾਂਦੇ ਹਨ। ਹਾਲ ਹੀ 'ਚ ਮਾਮਲਾ ਸਾਹਮਣਾ ਆਇਆ ਹੈ ਕਿ ਗਾਇਕ ਕਰਨ ਔਜਲਾ ਬੀਤੇ ਦਿਨ ਲੁਧਿਆਣਾ ਜੇਲ੍ਹ 'ਚ ਪਹੁੰਚੇ ਸਨ। ਇਸ ਦੌਰਾਨ ਕਰਨ ਔਜਲਾ ਦੀ ਕੋਈ ਚੈਕਿੰਗ ਨਹੀਂ ਹੋਈ ਅਤੇ ਨਾ ਹੀ ਉਸ ਦਾ ਫੋਨ ਜਮ੍ਹਾ ਕੀਤਾ ਗਿਆ।
ਜੇਲ੍ਹ ਦੇ ਸੁਪਰਡੈਂਟ ਦੇ ਕਮਰੇ 'ਚ ਹੋਈ ਵਾਰਤਾਲਾਪ
ਦੱਸ ਦਈਏ ਕਿ ਲੁਧਿਆਣਾ ਜੇਲ੍ਹ ਕਰਨ ਔਜਲਾ ਆਪਣੀਆਂ ਗੱਡੀਆਂ ਦੇ ਕਾਫਲੇ ਨਾਲ ਪਹੁੰਚਿਆ ਸੀ। ਇਸ ਦੌਰਾਨ ਉਹ ਜੇਲ੍ਹ ਦੇ ਸੁਪਰਡੈਂਟ ਦੇ ਕਮਰੇ 'ਚ ਬੈਠੇ ਸਨ। ਜੇਲ੍ਹ ਦੇ ਸੁਪਰਡੈਂਟ ਦਾ ਕਹਿਣਾ ਹੈ ਕਿ ਕਰਨ ਔਜਲਾ ਉਸ ਦੇ ਪੁੱਤਰ ਦਾ ਚੰਗਾ (ਕਰੀਬੀ) ਦੋਸਤ ਹੈ, ਜਿਸ ਕਰਕੇ ਉਸ ਨੂੰ ਰੋਟੀ 'ਤੇ ਬੁਲਾਇਆ ਸੀ। ਕਰਨ ਔਜਲਾ ਨੂੰ ਬਿਨਾਂ ਕਿਸੇ ਚੈਕਿੰਗ ਦੇ ਜੇਲ੍ਹ ਦੇ ਅੰਦਰ ਲਿਜਾਇਆ ਗਿਆ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਗਏ।
ਲੁਧਿਆਣਾ ਜੇਲ੍ਹ 'ਚ ਬੰਦ ਹੈ ਨਸ਼ਾ ਤਸਕਰ ਗੁਰਦੀਪ ਰਾਣੋਂ
ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਜੇਲ੍ਹ 'ਚ ਨਸ਼ਾ ਤਸਕਰ ਗੁਰਦੀਪ ਰਾਣੋਂ ਬੰਦ ਹੈ। ਕਰਨ ਔਜਲਾ ਇਸ ਨਸ਼ਾ ਤਸਕਰ ਦੀ ਕੋਠੀ 'ਚ ਆਪਣੇ ਕਿਸੇ ਪ੍ਰਾਜੈਕਟ ਦੀ ਸ਼ੂਟਿੰਗ ਵੀ ਕਰ ਚੁੱਕਾ ਹੈ। ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ADGP ਨੇ ਹੁਕਮ ਦਿੱਤੇ ਹਨ ਕਿ ਇਸ ਦੀ ਜਾਂਚ ਹੋਵੇਗੀ।
ਸੀਨੀਅਰ ਅਧਿਕਾਰੀ ਦੀ ਤਰ੍ਹਾਂ ਕਰਨ ਔਜਲਾ ਦੀ ਹੋਈ ਐਂਟਰੀ
ਦੱਸਣਯੋਗ ਹੈ ਕਿ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ 'ਚ ਗਾਇਕ ਕਰਨ ਔਜਲਾ ਦੇ ਗੱਡੀਆਂ ਦੇ ਕਾਫ਼ਲੇ ਨੂੰ ਇਸ ਤਰ੍ਹਾਂ ਜੇਲ੍ਹ ਕੰਪਲੈਕਸ 'ਚ ਐਂਟਰੀ ਮਿਲੀ, ਜਿਵੇਂ ਜੇਲ੍ਹ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਦੀ ਹੈ। ਇਸ 'ਚ ਕਿਹੜਾ-ਕਿਹੜਾ ਪ੍ਰੋਟੋਕਾਲ ਤੋੜਿਆ ਗਿਆ, ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।
ਕਰਨ ਔਜਲਾ ਦੇ ਆਉਂਦੇ ਹੀ ਉੱਡੀਆਂ ਕੋਰੋਨਾ ਨਿਯਮਾਂ ਧੱਜੀਆਂ
ਦੱਸਿਆ ਜਾਂਦਾ ਹੈ ਕਿ ਜੇਲ੍ਹ ਕੰਪਲੈਕਸ 'ਚ ਬਿਨਾਂ ਕਿਸੇ ਚੈਕਿੰਗ ਦੇ ਅੰਦਰ ਕਿਸੇ ਨੂੰ ਵੀ ਐਂਟਰੀ ਨਹੀਂ ਦਿੱਤੀ ਜਾਂਦੀ। ਅਜਿਹੀ ਹਾਲਤ 'ਚ ਗਾਇਕ ਕਰਨ ਔਜਲਾ ਦੇ ਜੇਲ੍ਹ ਕੰਪਲੈਕਸ 'ਚ ਆਉਣ ਦੀ ਖ਼ਬਰ ਸੁਣਦੇ ਹੀ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਕੋਰੋਨਾ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਨਾਲ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਨਾ ਸਿਰਫ਼ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉੱਡੀਆਂ, ਸਗੋਂ ਜੇਲ੍ਹ ਦਾ ਸੁਰੱਖਿਆ ਸਟਾਫ਼ ਵੀ ਆਪਣੇ ਖ਼ਾਸ ਮਹਿਮਾਨ ਦੇ ਸਵਾਗਤ 'ਚ ਚੁੱਪ ਰਿਹਾ। ਜੇਲ੍ਹ ਕੰਪਲੈਕਸ 'ਚ ਗਾਇਕ ਦੇ ਆਉਣ ਸਬੰਧੀ ਜੇਲ੍ਹ ਸੁਪਰੀਡੈਂਟ ਰਾਜੀਵ ਅਰੋੜਾ ਨਾਲ ਮੀਡੀਆ ਨੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਦੋਸਤ ਹਨ। ਉਹ ਪਹਿਲਾਂ ਵੀ ਆਉਂਦੇ-ਰਹਿੰਦੇ ਹਨ ਅਤੇ ਥੋੜ੍ਹੀ ਦੇਰ ਬਾਅਦ ਚਲੇ ਗਏ।
ਬਟਾਲਾ ’ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ : ਮਾਂ ਨੇ 2 ਮਾਸੂਮਾਂ ਸਣੇ ਨਿਗਲੀਆਂ ਸਲਫਾਸ ਦੀਆਂ ਗੋਲੀਆਂ
NEXT STORY