ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਤਲਵੰਡੀ ਰੋਡ ਤੋਂ ਲੰਘਦੀ ਸਰਹਿੰਦ ਨਹਿਰ ’ਚੋਂ ਬੀਤੀ ਦੇਰ ਸ਼ਾਮ ਦੋ ਅਣਪਛਾਤੀਆਂ ਲਾਸ਼ਾਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਲਾਸ਼ਾਂ ਮਿਲਣ ਦਾ ਪਤਾ ਚਲਦੇ ਸਾਰ ਇਲਾਕੇ 'ਚ ਸਨਸਨੀ ਫੈਲ ਗਈ, ਜਿਸ ਦੌਰਾਨ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜਾਣਕਾਰੀ ਅਨੁਸਾਰ ਪਾਣੀ ’ਚ ਰੁੜ ਕੇ ਆਈਆਂ ਦੋਵੇਂ ਲਾਸ਼ਾਂ ਤਲਵੰਡੀ ਰੋਡ ’ਤੇ ਬਣੇ ਪੁੱਲ ਦੇ ਨੀਚੇ ਲੱਗੀ ਬੂਟੀ ’ਚ ਫੱਸ ਗਈਆਂ ਸਨ, ਜਿਸ ਦੇ ਉਥੋ ਦੀ ਲੰਘ ਰਹੇ ਲੋਕਾਂ ਦੀ ਨਜ਼ਰ ਪੈ ਗਈ। ਲੋਕਾਂ ਨੇ ਇਸ ਦੇ ਬਾਰੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਨੇ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਦੇ ਵਾਲੰਟੀਅਰਾਂ ਦੀ ਮਦਦ ਨਾਲ ਬੜੀ ਮੁਸ਼ਕਤ ਨਾਲ ਦੋਵੇਂ ਲਾਸ਼ਾਂ ਨੂੰ ਪਾਣੀ ’ਚੋਂ ਬਾਹਰ ਕੱਢਿਆ।
ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਉਮਰ 30-32 ਸਾਲ ਦੀ ਹੈ, ਜਿਨ੍ਹਾਂ ਦੇ ਹੱਥ ਇਕ-ਦੂਜੇ ਨਾਲ ਚੁੰਨੀ ਨਾਲ ਬੰਨੇ ਹੋਏ ਸਨ, ਜਿਸ ਤੋਂ ਇਹ ਪ੍ਰੇਮ ਸੰਬੰਧਾਂ ਦਾ ਮਾਮਲਾ ਪ੍ਰਤੀਤ ਹੁੰਦਾ ਹੈ। ਬੂਟੀ ’ਚ ਫੱਸਣ ਕਰਕੇ ਦੋਵਾਂ ਦੇ ਹੱਥ ਖੁੱਲ੍ਹ ਗਏ। ਪੁਲਸ ਨੇ ਕਿਹਾ ਕਿ ਉਹ ਅਜੇ ਇਹ ਨਹੀਂ ਦੱਸ ਸਕਦੇ ਕਿ ਇਹ ਮਾਮਲਾ ਖੁਦਕੁਸ਼ੀ ਦਾ ਹੈ ਜਾਂ ਫਿਰ ਉਨ੍ਹਾਂ ਨੂੰ ਕਿਸੇ ਨੇ ਬੰਨ੍ਹ ਕੇ ਸੁੱਟਿਆ ਹੈ। ਫਿਲਹਾਲ ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪਛਾਣ ਅਤੇ ਪੋਸਟਮਾਰਟਮ ਲਈ 24 ਘੰਟੇ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਮੋਰਚਰੀ 'ਚ ਰੱਖਵਾ ਦਿੱਤਾ।
ਬੱਬੂ ਮਾਨ ਦੇ ਸ਼ੋਅ 'ਚ ਹੰਗਾਮਾ, ਪੁਲਸ ਨੇ ਵਰ੍ਹਾਈਆਂ ਡਾਂਗਾ
NEXT STORY