ਚੰਡੀਗੜ੍ਹ (ਭੁੱਲਰ) - ਕੈ. ਅਮਰਿੰਦਰ ਸਿੰਘ ਸਰਕਾਰ ਵਲੋਂ ਰਾਜ ਦੇ ਛੋਟੇ ਤੇ ਦਰਮਿਆਨੇ 5 ਏਕੜ ਤਕ ਦੀ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਕੀਤੇ ਗਏ ਐਲਾਨ ਮਗਰੋਂ ਹਾਲ ਹੀ 'ਚ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਵਲੋਂ ਜਤਾਏ ਗਏ ਖਦਸ਼ਿਆਂ ਕਾਰਨ ਸਥਿਤੀ ਨੂੰ ਸਪਸ਼ਟ ਕਰਨ ਲਈ ਅੱਜ ਇਥੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਰਾਜ ਦੇ ਸਾਰੇ ਪ੍ਰਮੁੱਖ ਸੰਗਠਨਾਂ ਦੇ ਨਾਲ ਮੈਰਾਥਨ ਬੈਠਕ ਕੀਤੀ ਗਈ। ਕਿਸਾਨ ਨੇਤਾਵਾਂ ਨਾਲ ਕਈ ਘੰਟੇ ਤਕ ਚੱਲੇ ਵਿਚਾਰ-ਵਟਾਂਦਰੇ ਦੌਰਾਨ ਕਰਜ਼ ਮੁਆਫੀ ਦੇ ਐਲਾਨ ਸੰਬੰਧੀ ਮੁੱਖ ਮੰਤਰੀ ਕਿਸਾਨ ਨੇਤਾਵਾਂ ਦੀ ਤਸੱਲੀ ਨਹੀਂ ਕਰਵਾ ਸਕੇ। ਇਥੋਂ ਤਕ ਕਿ ਕਰਜ਼ਾ ਮੁਆਫੀ ਦੇ ਐਲਾਨ ਦੀ ਨੀਤੀ ਨੂੰ ਲਾਗੂ ਕਰਨ ਲਈ ਜਾਰੀ ਕੀਤੀ ਜਾਣ ਵਾਲੀ ਨੋਟੀਫਿਕੇਸ਼ਨ ਦੀ ਤਰੀਕ ਦੇ ਬਾਰੇ 'ਚ ਵੀ ਕੈਪਟਨ ਕਿਸਾਨ ਨੇਤਾਵਾਂ ਨੂੰ ਨਹੀਂ ਦੱਸ ਸਕੇ। ਉਨ੍ਹਾਂ ਸਿਰਫ ਇਹੋ ਕਿਹਾ ਕਿ ਸਰਕਾਰ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਕਰੇਗੀ, ਜਦੋਂਕਿ ਬੈਠਕ 'ਚ ਮੌਜੂਦ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ ਦਾ ਮੰਨਣਾ ਸੀ ਕਿ ਨੋਟੀਫਿਕੇਸ਼ਨ ਜਾਰੀ ਹੋਣ 'ਚ 2 ਤੋਂ 3 ਮਹੀਨੇ ਦਾ ਸਮਾਂ ਲੱਗੇਗਾ ਅਤੇ ਸਤੰਬਰ ਮਹੀਨੇ ਤਕ ਹੀ ਜਾਰੀ ਹੋ ਸਕੇਗਾ।
ਕਿਸਾਨ ਨੇਤਾਵਾਂ ਦਾ ਇਸ ਗੱਲ 'ਤੇ ਜ਼ੋਰ ਸੀ ਕਿ ਨੋਟੀਫਿਕੇਸ਼ਨ ਤੁਰੰਤ ਜਾਰੀ ਹੋਣਾ ਚਾਹੀਦਾ ਹੈ। ਆੜ੍ਹਤੀਆਂ ਦੇ ਕਰਜ਼ੇ ਨੂੰ ਲੈ ਕੇ ਵੀ ਬੈਠਕ 'ਚ ਮੁੱਖ ਮੰਤਰੀ ਦੇ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਆੜ੍ਹਤੀਆਂ ਦੇ ਕਰਜ਼ੇ 'ਤੇ ਵਿਚਾਰ ਲਈ ਕੈਬਟਿਨ ਸਬ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਕਿਸਾਨ ਨੇਤਾਵਾਂ ਦਾ ਕਹਿਣਾ ਸੀ ਕਿ ਕਮੇਟੀ ਬਣਾਉਣ ਨਾਲ ਇਸ ਮਾਮਲੇ ਦਾ ਹੱਲ ਨਹੀਂ ਹੋਣ ਵਾਲਾ। ਕਿਸਾਨ ਨੇਤਾਵਾਂ ਦਾ ਇਹ ਵੀ ਕਹਿਣਾ ਸੀ ਕਿ ਵਿੱਤ ਮੰਤਰੀ ਇਸਦੇ ਉਲਟ ਬੀਤੇ ਦਿਨ ਬਿਆਨ ਦੇ ਚੁੱਕੇ ਹਨ ਕਿ ਆੜ੍ਹਤੀਆਂ ਦੇ ਕਰਜ਼ੇ ਦਾ ਨਿਪਟਾਰਾ ਸਰਕਾਰ ਵਲੋਂ ਗਠਿਤ ਜ਼ਿਲਾ ਪੱਧਰੀ ਬੋਰਡਾਂ 'ਚ ਹੋਵੇਗਾ।
ਜ਼ਿਕਰਯੋਗ ਹੈ ਕਿ ਬੈਠਕ 'ਚ ਮੌਜੂਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਇਸ 'ਤੇ ਕੁਝ ਵੀ ਨਹੀਂ ਬੋਲੇ। ਇਸ ਬੈਠਕ 'ਚ ਕਰਜ਼ਾ ਮੁਆਫੀ ਦੀ ਸੀਮਾ 5 ਏਕੜ ਤਕ ਰੱਖਣ ਦੇ ਮੁੱਦੇ 'ਤੇ ਵੀ ਚਰਚਾ ਹੋਈ। ਇਸ ਨੂੰ ਲੈ ਕੇ ਕਿਸਾਨ ਸੰਗਠਨਾਂ 'ਚ ਵੀ ਮਤਭੇਦ ਵੇਖੇ ਗਏ ਹਨ। ਕੁਝ ਸੰਗਠਨ 5 ਏਕੜ ਤਕ ਦੀ ਸੀਮਾ 'ਤੇ ਸਹਿਮਤ ਸਨ, ਕੁਝ ਚਾਹੁੰਦੇ ਸਨ ਕਿ ਘੱਟੋ- ਘਟ 10 ਏਕੜ ਤਕ ਦੀ ਸੀਮਾ ਰੱਖੀ ਜਾਏ। ਕਈ ਸੰਗਠਨ ਸੀਮਾ ਨੂੰ ਖਤਮ ਕੀਤੇ ਜਾਣ ਦੇ ਪੱਖ 'ਚ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਕਰਜ਼ਾ ਬੇਸ਼ੱਕ ਘੱਟ ਹੋਵੇ ਜਾਂ ਜ਼ਿਆਦਾ ਮੁਆਫ ਹੋਣਾ ਚਾਹੀਦਾ, ਜੋ ਕਿਸਾਨ ਕਰਜ਼ਾ ਭਰਨ 'ਚ ਅਸਮਰਥ ਹਨ। ਅਜਿਹੇ ਕਿਸਾਨ ਹੀ ਖੁਦਕੁਸ਼ੀਆਂ ਕਰ ਰਹੇ ਹਨ।
ਬੈਠਕ 'ਚ ਵਿਚਾਰ-ਵਟਾਂਦਰੇ ਮਗਰੋਂ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਜਿਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਚੁੱਕੀ ਹੈ, ਉਨ੍ਹਾਂ ਨੂੰ ਹੁਣ ਕਰਜ਼ਾ ਭਰਨ ਦੀ ਲੋੜ ਨਹੀਂ ਹੈ ਅਤੇ ਇਸ ਨੂੰ ਹੁਣ ਸਰਕਾਰ ਭਰੇਗੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਫਸਲਾਂ ਦੇ ਮੁੱਲ ਸੰਬੰਧੀ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਲਈ ਕੇਂਦਰ 'ਤੇ ਦਬਾਅ ਬਣਾਇਆ ਜਾਏਗਾ। ਉਨ੍ਹਾਂ ਕਰਜ਼ਾ ਮੁਆਫੀ ਤੇ ਕਿਸਾਨਾਂ ਦੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਭਵਿੱਖ 'ਚ ਵੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣ ਦਾ ਵਾਅਦਾ ਕੀਤਾ।
ਐੱਸ.ਵਾਈ.ਐੱਲ. ਨਹਿਰ ਦੇ ਮੁੱਦੇ 'ਤੇ ਵੀ ਕੈਪਟਨ ਨੇ ਸਪਸ਼ਟ ਕੀਤਾ ਕਿ ਪੰਜਾਬ ਕੋਲ ਕਿਸੇ ਹੋਰਨਾਂ ਰਾਜਾਂ ਨੂੰ ਦੇਣ ਲਈ ਇਕ ਬੂੰਦ ਵੀ ਫਾਲਤੂ ਪਾਣੀ ਨਹੀਂ ਅਤੇ ਰਾਜ ਦੇ ਪਾਣੀ ਦੀ ਹਰ ਤਰੀਕੇ ਨਾਲ ਰੱਖਿਆ ਕੀਤੀ ਜਾਏਗੀ।
ਲੰਬੇ ਸਮੇਂ ਤੋਂ ਪੰਚਾਇਤੀ/ ਸ਼ਾਮਲਾਟ ਜ਼ਮੀਨ 'ਚ ਖੇਤੀ ਕਰ ਰਹੇ ਕਾਸ਼ਤਕਾਰਾਂ ਨੂੰ ਮਾਲਕੀ ਹੱਕ ਦੇਣ, ਆਵਾਰਾ ਪਸ਼ੂਆਂ ਦਾ ਉਚਿਤ ਪ੍ਰਬੰਧ ਅਤੇ ਕਿਸਾਨਾਂ ਦੀ ਸਹਿਮਤੀ ਦੇ ਬਿਨਾਂ ਜ਼ਮੀਨ ਨੂੰ ਐਕਵਾਇਰ ਕਰਨ ਤੋਂ ਰੋਕਣ ਵਰਗੀਆਂ ਅਹਿਮ ਮੰਗਾਂ ਵੀ ਕਿਸਾਨ ਸੰਗਠਨਾਂ ਨੇ ਮੁੱਖ ਮੰਤਰੀ ਸਾਹਮਣੇ ਉਠਾਈਆਂ। ਅੱਜ ਦੀ ਬੈਠਕ 'ਚ ਸਰਕਾਰ ਵਲੋਂ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਹੋਰਨਾਂ ਵਿਭਾਗਾਂ ਨਾਲ ਸੰਬੰਧਤ ਉੱਚ ਅਧਿਕਾਰੀ ਮੌਜੂਦ ਸਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਇਸ ਬੈਠਕ 'ਚ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਕਿਸਾਨ ਸੰਗਠਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੁਖਦੇਵ ਸਿੰਘ ਕੋਕਰੀ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਫੂਲ ਗਰੁੱਪ) ਦੇ ਸੁਰਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਸ਼ਿੰਦਰ) ਦੇ ਸ਼ਿੰਦਰ ਸਿੰਘ ਲੱਖੋਵਾਲ, ਕੀਰਤੀ ਕਿਸਾਨ ਯੂਨੀਅਨ ਦੇ ਦਤਾਰ ਸਿੰਘ, ਕਿਸਾਨ ਸੰਘਰਸ਼ ਕਮੇਟੀ (ਪੰਨੂ ਗਰੁੱਪ) ਦੇ ਕਮਲਪ੍ਰੀਤ ਸਿੰਘ ਪੰਨੂ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਰਣਧੀਰ ਸਿੰਘ, ਪੰਜਾਬ ਕਿਸਾਨ ਯੂਨੀਅਨ (ਰੁਲਦੂ ਗਰੁੱਪ) ਦੇ ਰੁਲਦੂ ਸਿੰਘ, ਪਗੜੀ ਸੰਭਾਲ ਜੱਟਾ ਲਹਿਰ ਦੇ ਕਮਲ ਪ੍ਰੀਤ ਸਿੰਘ ਕਾਕੀ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਹਰਿੰਦਰ ਸਿੰਘ ਲੱਖੋਵਾਲ, ਬੀਕੇਯੂ (ਸਿੱਧੂਪੁਰ) ਦੇ ਕਾਕਾ ਸਿੰਘ, ਬੀਕੇਯੂ (ਮਾਨ) ਦੇ ਭੁਪਿੰਦਰ ਸਿੰਘ ਮਾਨ, ਬੀਕੇਯੂ (ਡਕੌਂਦਾ) ਦੇ ਬੂਟਾ ਸਿੰਘ ਅਤੇ ਬੀਕੇਯੂ (ਕਾਦੀਆਂ) ਦੇ ਹਰਮੀਤ ਸਿੰਘ ਦੇ ਨਾਂ ਜ਼ਿਕਰਯੋਗ ਹਨ।
'ਤੁਸੀਂ ਤਾਂ ਮੇਰੇ ਪਿੱਛੇ ਮੱਖੀਆਂ ਵਾਂਗ ਪੈ ਗਏ'
ਕਰਜ਼ਾ ਮੁਆਫੀ ਦੀ ਯੋਜਨਾ ਸੰਬੰਧੀ ਸ਼ੰਕਾਵਾਂ ਨੂੰ ਲੈ ਕੇ ਚਰਚਾ ਦੌਰਾਨ ਕਿਸਾਨ ਨੇਤਾਵਾਂ ਦੀ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨਾਲ ਦਿਲਚਸਪ ਵਾਰਤਾਲਾਪ ਚੱਲੀ। ਕਿਸਾਨ ਨੇਤਾ ਜਦੋਂ ਵਾਰ-ਵਾਰ ਕੈਪਟਨ ਤੋਂ ਕਰਜ਼ਾ ਮੁਆਫੀ ਦਾ ਨੋਟੀਫਿਕੇਸ਼ਨ ਤੇ ਆੜ੍ਹਤੀਆਂ ਦੇ ਕਰਜ਼ੇ ਆਦਿ ਮੁੱਦਿਆਂ 'ਤੇ ਪੁੱਛਦੇ ਰਹੇ ਤਾਂ ਕੈਪਟਨ ਨੇ ਆਖਿਰ ਹਾਸਭਰੇ ਅੰਦਾਜ਼ 'ਚ ਕਿਹਾ ਕਿ 'ਤੁਸੀਂ ਤਾਂ ਮੇਰੇ ਪਿੱਛੇ ਮੱਖੀਆਂ ਵਾਂਗ ਪੈ ਗਏ ਹੋ'। ਮੈਂ ਤੁਹਾਨੂੰ ਸਪਸ਼ਟ ਕਹਿ ਰਿਹਾ ਹਾਂ ਕਿ ਜੋ ਅਸੀਂ ਵਾਅਦੇ ਕੀਤੇ ਹਨ, ਸਾਰੇ ਪੂਰੇ ਕੀਤੇ ਜਾਣਗੇ। ਕਰਜ਼ਾ ਮੁਆਫੀ ਨਾਲ ਵੱਡੀ ਸ਼ੁਰੂਆਤ ਕੀਤੀ ਗਈ ਹੈ ਅਤੇ ਤੁਹਾਨੂੰ ਸਵਾਲ ਪੁੱਛਣ ਦੀ ਥਾਂ ਸਰਕਾਰ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਭਾਰਤ-ਪਾਕਿ ਸੱਭਿਆਚਾਰਕ ਸਾਂਝ 'ਚ ਵੱਡਾ ਯੋਗਦਾਨ
NEXT STORY