ਗੁਰਦਾਸਪੁਰ/ਬਟਾਲਾ (ਗੁਰਪ੍ਰੀਤ) : ਬਟਾਲਾ ਦੇ ਪਿੰਡ ਵੀਝਵਾ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਕ ਕਿਸਾਨ ਨੂੰ ਘਰੋਂ ਬਾਹਰ ਬੁਲਾ ਕੇ ਗੋਲੀਆਂ ਮਾਰ ਦਿੱਤੀਆਂ। ਇੰਨਾ ਹੀ ਨਹੀਂ ਗੋਲੀਆਂ ਮਾਰਨ ਤੋਂ ਬਾਅਦ ਵੀ ਹਮਲਾਵਰਾਂ ਨੇ ਕਿਸਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਏ। ਦੂਜੇ ਪਾਸੇ ਮ੍ਰਿਤਕ ਜਗਵੰਤ ਸਿੰਘ (44) ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਕਤਲ ਦੀ ਵਜ੍ਹਾ ਵੀ ਸਪੱਸ਼ਟ ਨਹੀਂ ਹੋ ਰਹੀ। ਉਧਰ ਪੁਲਸ ਨੇ ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਕਿਸਾਨ ਜਗਵੰਤ ਸਿੰਘ ਦੇ ਭਰਾ ਨੇ ਦੱਸਿਆ ਕਿ ਦੇਰ ਰਾਤ ਮੋਟਰਸਾਈਕਲ 'ਤੇ ਸਵਾਰ ਕੁਝ ਲੋਕ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਨੇ ਘਰ ਦੇ ਬਾਹਰੋਂ ਹੀ ਜਗਵੰਤ ਨੂੰ ਆਵਾਜ਼ ਮਾਰੀ, ਜਿਵੇਂ ਹੀ ਜਗਵੰਤ ਸਿੰਘ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਹਮਲਾਵਰਾਂ ਨੇ ਜਗਵੰਤ ਨੂੰ ਗੋਲੀ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਵੀ ਉਸ 'ਤੇ ਵਾਰ ਕੀਤੇ।

ਜਗਵੰਤ ਦੀਆਂ ਚੀਖਾਂ ਸੁਣ ਕੇ ਜਦੋਂ ਉਹ ਘਰ 'ਚੋਂ ਬਾਹਰ ਆਏ ਤਾਂ ਹਮਲਾਵਰ ਤੇਜ਼ੀ ਨਾਲ ਫਰਾਰ ਹੋ ਗਏ। ਇਸ ਦੌਰਾਨ ਜਦੋਂ ਪਰਿਵਾਰ ਵਲੋਂ ਜਗਵੰਤ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਅਣਪਛਾਤੇ ਕਾਤਲਾਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਕਤਲ ਦਾ ਕਾਰਨ ਅਜੇ ਤਕ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਪੁਲਸ ਵੱਖ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ।
ਕੈਨੇਡਾ ਹਾਦਸਾ: ਵਿਸਾਖੀ ਵਾਲੇ ਦਿਨ ਘਰੋਂ ਤੋਰਿਆ ਸੀ ਪੁੱਤ, ਹੁਣ ਲਾਸ਼ ਬਣ ਪਰਤੇਗਾ ਘਰ (ਵੀਡੀਓ)
NEXT STORY