ਸਮਾਲਸਰ(ਸੁਰਿੰਦਰ)— ਮੋਗਾ ਜ਼ਿਲੇ ਦੇ ਪਿੰਡ ਡੇਮਰੂ ਕਲਾਂ ਦੇ ਕਿਸਾਨ ਚਮਕੌਰ ਸਿੰਘ ਉਮਰ 48 ਸਾਲ ਪੁੱਤਰ ਗੁਰਦੇਵ ਸਿੰਘ ਨੇ ਆਰਥਿਕ ਤੰਗੀ ਕਾਰਨ ਆਪਣੇ ਆਪ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਕਿਸਾਨ ਦੇ ਬਜ਼ੁਰਗ ਪਿਤਾ ਨੇ ਪੱਤਰਕਾਰਾਂ ਨੂੰ ਦੁਖੀ ਮਨ ਨਾਲ ਦੱਸਿਆ ਕਿ ਜ਼ਮੀਨ ਘੱਟ ਹੋਣ ਕਾਰਨ ਜ਼ਮੀਨ ਠੇਕੇ 'ਤੇ ਲੈ ਕੇ ਮੇਰਾ ਲੜਕਾ ਚਮਕੌਰ ਸਿੰਘ ਖੇਤੀ ਕਰਦਾ ਸੀ। ਖੇਤੀ 'ਚ ਘਾਟਾ ਪੈਣ ਕਾਰਨ ਆਪਣੀ ਇਕ ਏਕੜ ਜ਼ਮੀਨ ਵੀ ਪਿਛਲੇ ਸਮਂੇ 'ਚ ਕਰਜ਼ੇ ਕਾਰਨ ਵਿਕ ਗਈ। ਕਰਜ਼ੇ ਤੋਂ ਫਿਰ ਵੀ ਸੁਰਖੁਰੂ ਨਹੀਂ ਹੋ ਸਕਿਆ।
ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਖੁਸ ਜਾਣ ਦਾ ਗਮ ਅਤੇ ਮਜਦੂਰੀ ਕਰਨ ਕਾਰਨ ਹੀਣ ਭਾਵਨਾ ਦਾ ਸ਼ਿਕਾਰ, ਕਰਜ਼ੇ ਦਾ ਬੋਝ ਅਤੇ ਆਪਣੀ ਪਤਨੀ ਜੋ ਗੂੰਗੀ ਅਤੇ ਬੋਲੀ ਦੇ ਲਗਾਤਾਰ ਚੱਲ ਰਹੇ ਬੀਮਾਰੀ ਦੇ ਇਲਾਜ ਦੇ ਖਰਚੇ ਕਾਰਨ ਉਹ ਬੇਹੱਦ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਕਿਸਾਨ ਨੇ ਮੌਤ ਨੂੰ ਗਲੇ ਲਗਾ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪਿੰਡ ਇਕਾਈ ਪ੍ਰਧਾਨ ਹਰਮੰਦਰ ਸਿੰਘ, ਗੁਰਦੇਵ ਸਿੰਘ, ਬੁੱਕਣ ਸਿੰਘ ਡੇਮਰੂ, ਜਗਰਾਜ ਸਿੰਘ, ਮਿੱਠੂ ਸਿੰਘ, ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ, ਅਜੀਤ ਸਿੰਘ ਡੇਮਰੂ, ਅਮਰੀਕ ਸਿੰਘ ਘੋਲੀਆ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਲਵੰਤ ਸਿੰਘ ਬਾਘਾਪੁਰਾਣਾ, ਮੇਜਰ ਸਿੰਘ ਕਾਲੇਕੇ, ਟੀ. ਐੱਸ. ਯੂ. ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਗਰੇਵਾਲ, ਆਦਿ ਜੱਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਕਿਸਾਨ ਸਿਰ ਕਰਜ਼ੇ 'ਤੇ ਲੀਕ ਮਾਰੀ ਜਾਵੇ ਅਤੇ ਪਰਿਵਾਰ ਦੀ 10 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੁੱਖ ਦੀ ਘੜੀ ਸਮੇਂ ਕਿਸਾਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਰਾ ਪਿੰਡ ਪਹੁੰਚਿਆ ਹੋਇਆ ਸੀ।
ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧਾਂ ਤੋਂ ਕਿਸਾਨ ਤੇ ਆੜ੍ਹਤੀਏ ਸੰਤੁਸ਼ਟ
NEXT STORY