ਚੰਡੀਗੜ - ਪੰਜਾਬ, ਹਰਿਆਣਾ ਤੇ ਦਿੱਲੀ ਦੇ ਆਸ-ਪਾਸ ਹੋਰਨਾਂ ਰਾਜਾਂ 'ਚ ਕਿਸਾਨਾਂ ਵਲੋਂ 22 ਫਰਵਰੀ ਤੋਂ ਲਾਏ ਗਏ ਧਰਨੇ ਜਾਰੀ ਰਹਿਣਗੇ। ਇਹ ਐਲਾਨ ਬੁੱਧਵਾਰ ਨੂੰ ਕਿਸਾਨ ਭਵਨ 'ਚ ਪ੍ਰੈੱਸ ਕਾਨਫਰੰਸ ਦੌਰਾਨ ਬੀ. ਕੇ. ਯੂ. (ਸਿੱਧੂਪੁਰ) ਪੰਜਾਬ ਦੇ ਨੇਤਾਵਾਂ ਨੇ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ ਤਕ ਮੋਦੀ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਐਲਾਨ ਨਹੀਂ ਕਰਦੀ, ਉਸ ਸਮੇਂ ਤਕ ਧਰਨੇ ਖਤਮ ਕਰਨ ਦਾ ਸਵਾਲ ਹੀ ਨਹੀਂ। ਉਨ੍ਹਾਂ ਕਿਹਾ ਕਿ 6 ਮਾਰਚ ਨੂੰ ਰਾਸ਼ਟਰੀ ਕਿਸਾਨ ਮਹਾਸੰਘ ਦੇਸ਼ਭਰ 'ਚ ਮੋਦੀ ਦੇ ਪੁਤਲੇ ਫੂਕੇਗਾ।
ਜ਼ਿਕਰਯੋਗ ਹੈ ਕਿ ਦੇਸ਼ਭਰ ਦੇ ਕਿਸਾਨ ਸੰਗਠਨਾਂ ਨੇ ਰਾਸ਼ਟਰੀ ਕਿਸਾਨ ਮਹਾਸੰਘ ਦੇ ਸੱਦੇ 'ਤੇ 23 ਫਰਵਰੀ ਨੂੰ ਦਿੱਲੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਹੋਰਨਾਂ ਰਾਜਾਂ 'ਚ ਪੈਰਾ ਮਿਲਟਰੀ ਫੋਰਸ ਦੀ ਮਦਦ ਨਾਲ ਕਿਸਾਨਾਂ ਨੂੰ 22 ਫਰਵਰੀ ਨੂੰ ਹੀ ਰਸਤਿਆਂ 'ਚ ਰੋਕ ਲਿਆ ਗਿਆ ਸੀ। ਇਥੇ ਇਹ ਧਰਨੇ ਸ਼ੁਰੂ ਹੋਏ, ਜੋ ਅੱਜ ਵੀ ਜਾਰੀ ਹਨ। ਪੰਜਾਬ 'ਚ ਇਹ ਧਰਨੇ ਚੀਮਾ ਮੰਡੀ ਅਤੇ ਹਰਿਆਣਾ 'ਚ ਖੇੜੀ ਚੌਪਟ ਵਿਖੇ ਚਲ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਧਰਨੇ ਨੂੰ ਕਿਸੇ ਤਰ੍ਹਾਂ ਜਬਰੀ ਖਤਮ ਕਰਵਾਉਣ ਦਾ ਯਤਨ ਕੀਤਾ ਤਾਂ ਉਹ ਸਮੂਹਿਕ ਤੌਰ 'ਤੇ ਗ੍ਰਿਫਤਾਰੀ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਤਾਂ ਕਿਸਾਨਾਂ ਨੂੰ ਰੋਕਣ ਲਈ ਲਾਠੀਚਾਰਜ ਤਕ ਵੀ ਕੀਤਾ ਹੈ। ਕੈਪਟਨ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਸਾਨ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਬੀ.ਕੇ.ਯੂ. ਵਲੋਂ ਭੇਜੇ ਗਏ ਪੱਤਰ ਦੇ ਜਵਾਬ 'ਚ ਕਿਹਾ ਸੀ ਕਿ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣਾ ਸੂਬਾ ਸਰਕਾਰ ਦੇ ਹੱਥ 'ਚ ਨਹੀਂ ਅਤੇ ਇਹ ਕੇਂਦਰ ਸਰਕਾਰ ਦਾ ਮਾਮਲਾ ਹੈ ਪਰ ਹੁਣ ਜਦੋਂ ਕਿਸਾਨ ਮੋਦੀ ਸਰਕਾਰ ਦੇ ਖਿਲਾਫ ਸ਼ਾਂਤਮਈ ਤਰੀਕੇ ਨਾਲ ਦਿੱਲੀ ਵਲ ਕੂਚ ਕਰ ਰਹੇ ਸਨ ਤਾਂ ਪੰਜਾਬ 'ਚ ਕੈਪਟਨ ਸਰਕਾਰ ਨੇ ਹੀ ਉਨ੍ਹਾਂ ਨੂੰ ਪੁਲਸ ਫੋਰਸ ਦੀ ਵਰਤੋਂ ਕਰਦੇ ਹੋਏ ਰੋਕਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਦੇ ਇਲਾਵਾ ਕਾਂਗਰਸੀ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਲਈ ਗੰਭੀਰ ਨਹੀਂ।
ਜ਼ਿਲੇ ਪੱਧਰੀ ਮੇਲੇ 'ਚ 160 ਉਦਮੀਆਂ ਨੂੰ ਮਿਲਿਆ ਰੋਜ਼ਗਾਰ
NEXT STORY