ਝੂਨੀਰ /ਭਵਾਨੀਗੜ੍ਹ/ਦਿੜ੍ਹਬਾ/ਫਤਹਿਗੜ੍ਹ ਸਾਹਿਬ — ਕਿਸਾਨੀ ਕਰਜ਼ਾ ਖੁਦਕੁਸ਼ੀਆਂ ਦੀ ਰੁੱਤ ਨੂੰ ਠੱਲ ਨਹੀਂ ਪੈਣ ਦੇ ਰਿਹਾ। ਬੀਤੇ ਦਿਨ ਕਰਜ਼ੇ ਤੋਂ ਪਰੇਸ਼ਾਨ ਮਜਦੂਰ ਸਮੇਤ ਤਿੰਨ ਕਿਸਾਨਾਂ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਝੂਨੀਰ ਪਿੰਡ ਕੋਟਧਰਮੂ ਦੇ 28 ਸਾਲਾ ਕਿਸਾਨ ਬਿੱਕਰ ਸਿੰਘ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਆਪਣੇ ਖੇਤਾਂ 'ਚ ਜਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਕਤ ਕਿਸਾਨ ਕੋਲ ਇਕ ਏਕੜ ਜ਼ਮੀਨ ਸੀ ਤੇ ਉਸ ਦੇ ਸਿਰ 3 ਲੱਖ ਤੋਂ ਵੱਧ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ਾ ਸੀ, ਜਿਸ ਕਾਰਨ ਉਹ ਮਾਨਿਸਕ ਤਣਾਅ 'ਚੋਂ ਲੰਘ ਰਿਹਾ ਸੀ।
ਇਸੇ ਤਰ੍ਹਾਂ ਦਾ ਦੂਜਾ ਮਾਮਲਾ ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਪੁਰਾ 'ਚ ਦੇਖਣ ਨੂੰ ਮਿਲਿਆ ਜਿਥੇ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਾਮਪਤ ਕਰ ਲਈ। ਮ੍ਰਿਤਕ ਕਿਸਾਨ ਦੀ ਲਾਸ਼ ਖਨੌਰੀ ਨੇੜੇ ਨਹਿਰ 'ਚੋਂ ਮਿਲੀ। ਮ੍ਰਿਤਕ ਕਿਸਾਨ ਦੇ ਪੁੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਚਮਕੌਰ ਸਿੰਘ ਪੁੱਤਰ ਮੇਵਾ ਸਿੰਘ ਦੇ ਸਿਰ ਬੈਂਕਾਂ ਤੇ ਸੁਸਾਇਟੀਆਂ ਸਮੇਤ ਆੜ੍ਹਤੀਏ ਦਾ 10 ਲੱਖ ਰੁਪਏ ਦਾ ਕਰਜ਼ ਸੀ, ਜਿਸ ਕਾਰਨ ਉਸ ਦਾ ਪਿਤਾ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚਮਕੌਰ ਸਿੰਘ ਸਿਰਫ ਢਾਈ ਏਕੜ ਜ਼ਮੀਨ ਦਾ ਮਾਲਕ ਸੀ।
ਤੀਜਾ ਮਾਮਲਾ ਫਤਹਿਗੜ੍ਹ ਸਾਹਿਬ ਜ਼ਿਲੇ ਦੇ ਪਿੰਡ ਮੁਕਾਰੋਪੁਰ ਦਾ ਹੈ, ਜਿਥੇ ਇਕ ਕਿਸਾਨ ਸੁਖਵਿੰਦਰ ਸਿੰਘ (36) ਨੂੰ ਕਰਜ਼ੇ ਦੇ ਦੈਂਤ ਨੇ ਨਿਗਲ ਲਿਆ ਹੈ। ਕਿਸਾਨ 'ਤੇ 20 ਲੱਖ ਰੁਪਏ ਦਾ ਕਰਜ਼ਾ ਸੀ। ਉਸ ਨੇ ਇਸ ਕਾਰਨ ਨਹਿਰ 'ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਮ੍ਰਿਤਕ ਦੇ ਪਿਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਕੋਲ 6 ਏਕੜ ਜ਼ਮੀਨ ਹੈ, ਜਿਸ 'ਤੇ ਉਨ੍ਹਾਂ ਨੇ ਕਰਜ਼ਾ ਲਿਆ ਹੋਇਆ ਸੀ। ਉਸ ਦੇ ਦੋ ਪੁੱਤਰਾਂ 'ਚੋਂ ਵੱਡਾ ਪੁੱਤਰ ਸੁਖਵਿੰਦਰ ਸਿੰਘ ਕਰਜ਼ਾ ਉਤਾਰਨ ਲਈ ਵਿਦੇਸ਼ ਚਲਾ ਗਿਆ ਪਰ ਉਨ੍ਹਾਂ ਦੀ ਆਰਥਿਕ ਸਥਿਤੀ 'ਚ ਕੋਈ ਸੁਧਾਰ ਨਹੀਂ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕੁਝ ਜ਼ਮੀਨ ਵੇਚ ਕੇ 10 ਲੱਖ ਰੁਪਏ ਦਾ ਕਰਜ਼ ਉਤਾਰ ਵੀ ਦਿੱਤਾ ਸੀ ਪਰ ਹਾਲੇ ਵੀ ਉਨ੍ਹਾਂ ਸਿਰ 20 ਲੱਖ ਰੁਪਏ ਦਾ ਕਰਜ਼ ਬਾਕੀ ਹੈ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਨੇ ਵਿਦੇਸ਼ ਤੋਂ ਵਾਪਸ ਆ ਕੇ ਦੁੱਧ ਪਾਉਣ ਦਾ ਕੰਮ ਕੀਤਾ ਪਰ ਉਹ ਕਰਜ਼ੇ ਦੇ ਬੋਝ ਹੇਠ ਹੋਰ ਦੱਬ ਗਏ, ਜਿਸ ਨੂੰ ਸੁਖਵਿੰਦਰ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਤਿੰਨ ਸਾਲ ਦੀ ਧੀ ਛੱਡ ਗਿਆ ਹੈ।
ਦਿੜ੍ਹਬਾ ਮੰਡੀ ਦੇ ਪਿੰਡ ਛਾਜਲੀ 'ਚ ਕਰਜ਼ੇ ਤੋਂ ਪ੍ਰੇਸ਼ਾਨ ਇਕ ਖੇਤ ਮਜਦੂਰ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ। ਬੂਟਾ ਸਿੰਘ (45) ਪੁੱਤਰ ਚੰਦ ਸਿੰਘ ਵਾਸੀ ਪਿੰਡ ਛਾਜਲੀ ਦੇ ਸਿਰ ਗੈਰ-ਸਰਕਾਰੀ ਕਰਜ਼ਾ ਸੀ ਤੇ ਆਰਥਿਕ ਤੰਗੀ ਕਾਰਨ ਉਸ ਨੇ ਆਪਣੇ ਘਰ 'ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਬੂਟਾ ਸਿੰਘ ਦੇ ਭਰਾ ਜੱਗਾ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮ੍ਰਿਤਕ ਦੀ ਲੜਕੀ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ, ਜਿਸ ਦੇ ਇਲਾਜ ਵਾਸਤੇ ਉਸ ਨੇ ਕਰਜ਼ ਚੁੱਕਿਆ ਸੀ ਪਰ ਇਲਾਜ ਦੌਰਾਨ ਉਸ ਦੀ ਧੀ ਦੀ ਮੌਤ ਹੋ ਗਈ ਤੇ ਧੀ ਦੇ ਇਲਾਜ ਲਈ ਚੁੱਕਿਆ ਕਰਜ਼ ਉਸ ਲਈ ਮੌਤ ਦਾ ਕਾਰਨ ਬਣ ਗਿਆ। ਮ੍ਰਿਤਕ ਦੇ ਪਰਿਵਾਰ 'ਚ ਪਤਨੀ ਕਰਮਜੀਤ ਕੌਰ, ਦੋ ਧੀਆਂ ਤੇ ਇਕ ਪੁੱਤਰ ਹਨ।
ਨਗਰ-ਨਿਗਮ ਹਾਊਸ ਦੀ ਪਲੇਠੀ ਮੀਟਿੰਗ ਅੱਜ
NEXT STORY