ਬਠਿੰਡਾ, (ਪਰਮਿੰਦਰ)- ਲਹਿਰਾ ਬੇਗਾ 'ਚ ਪਟਵਾਰੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਜਸਵੰਤ ਸਿੰਘ ਦੇ ਮਾਮਲੇ 'ਚ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਨਾ ਦੇਣ ਤੋਂ ਭੜਕੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਭਾਕਿਯੂ ਏਕਤਾ (ਉਗਰਾਹਾਂ) ਦੀ ਅਗਵਾਈ 'ਚ ਲਗਾਏ ਗਏ ਧਰਨੇ 'ਚ ਕਿਸਾਨਾਂ ਨੇ ਜ਼ਿਲਾ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਰੋਸ ਜਤਾਇਆ। ਧਰਨੇ 'ਚ ਔਰਤਾਂ ਨੇ ਵੀ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਗਜੀਤ ਸਿੰਘ ਭੂੰਦੜ ਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੇ ਉਕਤ ਖੁਦਕੁਸ਼ੀ 'ਚ ਕਿਸਾਨ ਯੂਨੀਅਨ ਸੰਘਰਸ਼ ਤੋਂ ਬਾਅਦ ਜ਼ਿੰਮੇਵਾਰ ਪਟਵਾਰੀ ਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਪਰਿਵਾਰ ਨੂੰ ਅਜੇ ਤੱਕ ਖੁਦਕੁਸ਼ੀ ਮੁਆਵਜ਼ਾ ਨਹੀਂ ਦਿੱਤਾ ਗਿਆ। ਇਹੀ ਨਹੀਂ ਉਕਤ ਕਿਸਾਨ ਦੀ ਐਕਵਾਇਰ ਕੀਤੀ ਗਈ ਜ਼ਮੀਨ ਦਾ ਲਗਭਗ 34 ਲੱਖ ਰੁਪਏ ਵੀ ਪਰਿਵਾਰ ਨੂੰ ਅਜੇ ਤੱਕ ਨਹੀਂ ਦਿਵਾਇਆ ਗਿਆ। ਉਨ੍ਹਾਂ ਦੱਸਿਆ ਕਿ ਉਕਤ ਪਟਵਾਰੀ ਨੇ ਹੀ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ 'ਚ ਕਿਸਾਨ ਨਾਲ ਧੋਖਾਦੇਹੀ ਕੀਤੀ ਸੀ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਉਕਤ ਮਾਮਲੇ 'ਚ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪਟਵਾਰੀ ਦੀ ਜਾਂਚ ਵਾਲੀ ਫਾਈਲ ਅਜੇ ਤੱਕ ਡਿਪਟੀ ਕਮਿਸ਼ਨਰ ਦਫਤਰ 'ਚ ਹੀ ਪਈ ਹੈ ਤੇ ਸਰਕਾਰ ਨੂੰ ਭੇਜੀ ਹੀ ਨਹੀਂ ਗਈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਮਾਮਲੇ 'ਚ ਜਲਦ ਹੀ ਉਚਿਤ ਕਾਰਵਾਈ ਨਹੀਂ ਕੀਤੀ ਗਈ ਤਾਂ ਕਿਸਾਨ ਸੰਘਰਸ਼ ਨੂੰ ਤੇਜ਼ ਕਰਨਗੇ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਤੇ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਵੱਖ-ਵੱਖ ਮਾਮਲਿਆਂ 'ਚ ਆਪਣਾ ਫਰਜ਼ ਅਦਾ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਪਿੰਡ ਮੌੜ ਚੜ੍ਹਤ ਸਿੰਘ ਵਾਲਾ ਦੇ ਮਜ਼ਦੂਰ ਜਗਸੀਰ ਸਿੰਘ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਮੁਲਜ਼ਮਾਂ 'ਤੇ ਕੇਸ ਦਰਜ ਕੀਤਾ ਜਾਵੇ। ਇਸ ਮੌਕੇ ਸੁਖਦੇਵ ਸਿੰਘ, ਬਸੰਤ ਸਿੰਘ, ਮਨਜੀਤ ਸਿੰਘ, ਬਹੱਤਰ ਸਿੰਘ ਨੰਗਲਾ, ਦਰਸ਼ਨ ਸਿੰਘ ਮਾਈਸਰਖਾਨਾ, ਹਰਵਿੰਦਰ ਕੌਰ ਬਿੰਦੂ, ਜਸਵੀਰ ਸਿੰਘ ਬੁਰਜਸੇਮਾ ਆਦਿ ਹਾਜ਼ਰ ਸਨ।
ਲੁਧਿਆਣਾ ਦੇ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਨੂੰ ਦਿੱਤੀ ਧਮਕੀ
NEXT STORY