ਜਲੰਧਰ(ਧਵਨ)— ਪੰਜਾਬ 'ਚ ਰਵਾਇਤੀ ਰੂਪ ਨਾਲ ਬੈਂਕਾਂ ਵੱਲੋਂ ਫਸਲ ਕਰਜ਼ਾ ਵਸੂਲੀ ਦੀ ਦਰ ਕਾਫੀ ਉੱਚੀ ਰਹੀ ਹੈ ਪਰ ਹੁਣ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਮਾਹਿਰਾਂ ਮੁਤਾਬਕ ਹੁਣ ਫਸਲ ਕਰਜ਼ਾ ਵਸੂਲੀ 'ਚ 10.76 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ। ਸੂਬੇ 'ਚ ਅਮਰਿੰਦਰ ਸਰਕਾਰ ਵੱਲੋਂ ਛੋਟੇ ਕਿਸਾਨਾਂ ਦੇ ਬਜਟ 'ਚ ਕਰਜ਼ਾ ਮੁਆਫ ਕਰਨ ਕਾਰਨ ਕਿਸਾਨਾਂ ਨੇ ਕਰਜ਼ਿਆਂ ਦੀਆਂ ਕਿਸ਼ਤਾਂ ਦਾ ਭੁਗਤਾਨ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਨਵੰਬਰ 2016 'ਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ 'ਚ ਨੋਟਬੰਦੀ ਲਾਗੂ ਕਰਨ ਤੋਂ ਬਾਅਦ ਕਿਸਾਨਾਂ ਦੀ ਆਮਦਨੀ 'ਚ ਭਾਰੀ ਗਿਰਾਵਟ ਆ ਗਈ ਸੀ, ਜਿਸ ਕਾਰਨ ਉਹ ਕਿਸ਼ਤਾਂ ਦਾ ਭੁਗਤਾਨ ਹੌਲੀ ਰਫਤਾਰ ਨਾਲ ਕਰ ਰਹੇ ਸਨ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਛੋਟੇ ਕਿਸਾਨਾਂ ਨੂੰ ਕਰਜ਼ਿਆਂ ਦੀਆਂ ਕਿਸ਼ਤਾਂ ਦਾ ਭੁਗਤਾਨ ਨਾ ਕਰਨ ਦੇ ਕੀਤੇ ਗਏ ਸੱਦੇ ਤੋਂ ਬਾਅਦ ਕਿਸਾਨਾਂ ਨੇ ਉਸ 'ਤੇ ਅਮਲ ਸ਼ੁਰੂ ਕਰ ਦਿੱਤਾ ਹੈ।
ਸੂਬਾ ਪੱਧਰੀ ਬੈਂਕਰਸ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਮਾਰਚ 2015 'ਚ ਫਸਲ ਕਰਜ਼ਾ ਵਸੂਲੀ ਦੀ ਦਰ 87.54 ਅਤੇ ਮਾਰਚ 2016 'ਚ ਇਹ ਦਰ 87.88 ਸੀ, ਜੋ ਹੁਣ ਮਾਰਚ 2017 'ਚ ਘਟ ਕੇ 70.12 ਫੀਸਦੀ 'ਤੇ ਆ ਗਈ ਹੈ। ਸੂਬਾ ਵਿਧਾਨਸਭਾ ਚੋਣਾਂ 'ਚ ਕਾਂਗਰਸ ਨੇ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਸੀ। ਹੋਰ ਸਿਆਸੀ ਪਾਰਟੀਆਂ ਨੇ ਵੀ ਕਾਂਗਰਸ ਦੇ ਐਲਾਨ ਦੀ ਰੀਸ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਮਾਰਚ 2017 ਤਕ ਕਿਸਾਨਾਂ ਤੋਂ 34,670 ਕਰੋੜ ਦੀ ਵਸੂਲੀ ਕੀਤੀ ਜਾਣੀ ਸੀ ਪਰ ਅਸਲ 'ਚ ਇਹ ਵਸੂਲੀ 24739 ਕਰੋੜ ਹੀ ਹੋ ਸਕੀ।
ਆਰਥਿਕ ਮਾਹਿਰਾਂ ਨੇ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਖੇਤੀ ਖੇਤਰ ਵਲੋਂ ਬੈਂਕਾਂ 'ਚ ਡਿਪਾਜ਼ਿਟ ਵਧੇ, ਜਦਕਿ ਐਡਵਾਂਸ 'ਚ ਗਿਰਾਵਟ ਆਈ। ਫਸਲ ਕਰਜ਼ਾ ਵਧਣ ਕਾਰਨ ਕਿਸਾਨਾਂ 'ਤੇ ਦਬਾਅ ਸੀ। ਪਿਛਲੇ ਸਾਲ ਸਹਿਕਾਰੀ ਬੈਂਕਾਂ ਨੇ ਹੀ ਲਗਭਗ 40 ਫੀਸਦੀ ਕਿਸਾਨਾਂ ਨੂੰ 7500 ਕਰੋੜ ਦੇ ਕਰਜ਼ਿਆਂ ਦੀ ਵੰਡ ਕੀਤੀ। ਬੈਂਕ ਮੈਨੇਜਰਾਂ ਨੇ ਦੱਸਿਆ ਕਿ ਛੋਟੇ ਅਤੇ ਦਰਮਿਆਨੇ ਉਦਯੋਗਾਂ ਵਲੋਂ ਵੀ ਦਿੱਤੇ ਜਾਣ ਵਾਲੇ ਕਰਜ਼ਿਆਂ ਦੀਆਂ ਕਿਸ਼ਤਾਂ ਦੀ ਰਫਤਾਰ ਘੱਟ ਹੋਈ ਹੈ ਪਰ ਫਿਰ ਵੀ ਖੇਤੀ ਖੇਤਰ ਇਸ ਮਾਮਲੇ 'ਚ ਸਭ ਤੋਂ ਅੱਗੇ ਹੈ। ਆਉਣ ਵਾਲੇ ਦਿਨਾਂ 'ਚ ਕਿਸਾਨ ਕਰਜ਼ਾ ਵਸੂਲੀ ਦੀ ਦਰ 'ਚ ਬੈਂਕਾਂ ਵਲੋਂ ਹੋਰ ਗਿਰਾਵਟ ਆਉਣ ਦਾ ਖਦਸ਼ਾ ਹੈ। ਸੂਬਾ ਸਰਕਾਰ ਛੋਟੇ ਕਿਸਾਨਾਂ ਦਾ ਕਰਜ਼ਾ ਖੁਦ ਸਹਿਣ ਕਰਨ ਦਾ ਐਲਾਨ ਕਰ ਚੁੱਕੀ ਹੈ। ਇਸ ਸਬੰਧੀ ਸੂਬਾ ਸਰਕਾਰ ਦੀਆਂ ਨਵੀਆਂ ਨੀਤੀਆਂ ਅਗਲੇ 2 ਮਹੀਨਿਆਂ 'ਚ ਸਾਹਮਣੇ ਆਉਣਗੀਆਂ।
ਸਿੱਧੂ ਦੀ ਚਿਤਾਵਨੀ ਪਿੱਛੋਂ ਜਾਗਿਆ ਸਥਾਨਕ ਨਗਰ ਸੁਧਾਰ ਟਰੱਸਟ, ਫਲੈਟ ਖਾਲੀ ਕਰਨ ਲਈ 5 ਦਿਨ ਦਾ ਅਲਟੀਮੇਟਮ
NEXT STORY