ਭਵਾਨੀਗੜ੍ਹ (ਕਾਂਸਲ) : ਦੇਸ਼ ਦੀਆਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕਿਸਾਨ ਦਿਵਸ ਮਨਾਉਣ ਦੇ ਦਿੱਤੇ ਸੱਦੇ ਉਪਰ ਸਥਾਨਕ ਅਨਾਜ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਵੱਲੋਂ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕਾਂ ਦੇ ਖਾਤਿਆਂ ਵਿਚ 15-15 ਲੱਖ ਰੁਪਏ ਪਾਉਣ ਦੀਆਂ ਜੁਮਲੇਬਾਜੀਆਂ ਕਰਨੀਆਂ ਛੱਡ ਕੇ ਹਰ ਕਿਸਾਨ ਦੇ ਖਾਤੇ ਵਿਚ ਦਸ ਹਜ਼ਾਰ ਰੁਪਏ ਜ਼ਰੂਰ ਪਾਉਣੇ ਚਾਹੀਦੇ ਹਨ। ਲੋਕਾਂ ਦਾ ਢਿੱਡ ਭਰਨ ਲਈ ਆਪਣੇ ਖੇਤਾਂ ਵਿਚ ਅਨਾਜ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਵੀ ਜਹਾਜ਼ ਕੰਪਨੀਆਂ ਦੀ ਤਰਜ ਉਪਰ 22 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਡੀਜ਼ਲ ਦੇਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ 1 ਜੂਨ ਤੋਂ ਝੋਨੇ ਦੀ ਫ਼ਸਲ ਲਗਾਉਣ ਲਈ ਬਿਜਲੀ ਸਪਲਾਈ ਦੇਣ ਦੇ ਨਾਲ-ਨਾਲ ਝੋਨੇ ਦਾ ਮੁੱਲ ਵੀ ਨਿਧਾਰਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਲਾਕਡਾਊਨ ਵਿਚ ਕਿਸਾਨਾਂ ਨੇ ਸਰਕਾਰ ਦਾ ਪੂਰਾ ਸਾਥ ਦਿੱਤਾ ਹੈ ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਸਹਿਯੋਗ ਅਤੇ ਵਿਸ਼ੇਸ਼ ਰਿਆਇਤਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਉਪਰ ਦਰਜ ਕੀਤੇ ਮੁਕੱਦਮੇ ਤੁਰੰਤ ਰੱਦ ਕਰਨੇ ਚਾਹੀਦੇ ਹਨ। ਜੇਕਰ ਮੁਕੱਦਮੇ ਰੱਦ ਨਾ ਕੀਤੇ ਤਾਂ ਯੂਨੀਅਨ ਵੱਲੋਂ ਥਾਣਿਆਂ ਦਾ ਘਿਰਾਓ ਕਰਨ ਦੇ ਨਾਲ-ਨਾਲ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਕਿਸਾਨ ਵਿਰੁੱਧ ਕੋਈ ਕਾਰਵਾਈ ਹੋਣ ਦਿੱਤੀ ਜਾਵੇਗੀ ਅਤੇ ਨਾ ਹੀ ਇਕ ਵੀ ਪੈਸਾ ਜੁਰਮਾਨੇ ਦਾ ਭੱਰਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਰਣਧੀਰ ਸਿੰਘ ਭੱਟੀਵਾਲ, ਮੁਖਤਿਆਰ ਸਿੰਘ ਬਲਿਆਲ, ਨਛੱਤਰ ਸਿੰਘ ਝਨੇੜੀ, ਕੇਵਲ ਸਿੰਘ ਮਾਝੀ, ਸਤਨਾਮ ਸਿੰਘ, ਬੁੱਧ ਸਿੰਘ, ਸੁਖਦੇਵ ਸਿੰਘ ਘਰਾਚੋਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ।
ਲਾਕ ਡਾਊਨ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਦਰਦਨਾਕ ਤਸਵੀਰਾਂ (ਵੀਡੀਓ)
NEXT STORY