ਚੰਡੀਗੜ੍ਹ : ਬੇਮੌਸਮੀ ਬਾਰਸ਼ ਅਤੇ ਗੜ੍ਹੇਮਾਰੀ ਨੇ ਪੰਜਾਬ ਦੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਸੂਬੇ 'ਚ ਕਰੀਬ 1.30 ਲੱਖ ਏਕੜ ਕਣਕ ਦੀ ਫ਼ਸਲ ਨੂੰ ਨੁਕਸਾਨ ਪੁੱਜਾ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਦੇ ਕਿਸਾਨ ਕੇਂਦਰੀ ਮਦਦ ਦੀ ਉਡੀਕ ਕਰ ਰਹੇ ਹਨ। ਇਸ ਨੂੰ ਲੈ ਕੇ ਸੂਬਾ ਸਰਕਾਰ ਨੇ 9 ਅਪ੍ਰੈਲ ਨੂੰ ਕੇਂਦਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਆਰਥਿਕ ਸੰਕਟ ਨਾਲ ਜੂਝ ਰਹੇ ਕਿਸਾਨਾਂ ਦੀ ਮਦਦ ਲਈ ਖ਼ਰੀਦ ਮਾਪਦੰਡਾਂ 'ਚ ਬਿਨਾਂ ਕਿਸੇ ਕਟੌਤੀ ਦੇ ਢਿੱਲ ਦਿੱਤੀ ਜਾਵੇ। ਪਟਿਆਲਾ ਜ਼ਿਲ੍ਹੇ 'ਚ ਐੱਫ. ਸੀ. ਆਈ. ਨਾਲ ਕੀਤੇ ਗਏ ਸ਼ੁਰੂਆਤੀ ਵਿਸ਼ਲੇਸ਼ਣ 'ਚ ਸਾਹਮਣੇ ਆਇਆ ਹੈ ਕਿ ਕਣਕ ਦੀ ਚਮਕ (ਲਸਟਰ) 'ਚ 60 ਫ਼ੀਸਦੀ ਤੱਕ ਦੀ ਕਮੀ ਆਈ ਹੈ ਅਤੇ ਸੁੰਗੜੇ ਹੋਏ ਦਾਣਿਆਂ ਦੀ ਮਾਤਰਾ ਵੀ ਤੈਅ ਸੀਮਾ ਤੋਂ ਕਿਤੇ ਵੱਧ ਹੈ।
ਕੇਂਦਰ ਸਰਕਾਰ ਨੇ ਹੁਣ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੀ. ਕੇ. ਸਿੰਘ (ਉਪ ਨਿਰਦੇਸ਼ਕ, ਸਟੋਰੇਜ ਅਤੇ ਰਿਸਰਚ) ਦੀ ਅਗਵਾਈ ਹੇਠ ਮਾਹਿਰਾਂ ਦੀਆਂ ਸਾਂਝੀਆਂ ਟੀਮਾਂ ਪੰਜਾਬ ਭੇਜੀਆਂ ਹਨ। ਇਹ ਟੀਮਾਂ ਪ੍ਰਭਾਵਿਤ ਜ਼ਿਲ੍ਹਿਆਂ ਤੋਂ ਕਣਕ ਦੇ ਨਮੂਨੇ ਇਕੱਠੇ ਕਰਨਗੀਆਂ, ਜਿਨ੍ਹਾਂ ਦੀ ਜਾਂਚ ਐੱਫ. ਸੀ. ਆਈ. ਦੀਆਂ ਪ੍ਰਯੋਗਸ਼ਾਲਾਵਾਂ 'ਚ ਕੀਤੀ ਜਾਵੇਗੀ। ਇਸ ਜਾਂਚ ਰਿਪੋਰਟ ਅਤੇ ਮੌਸਮ ਵਿਭਾਗ ਦੇ ਅੰਕੜਿਆਂ ਦੇ ਆਧਾਰ 'ਤੇ ਹੀ ਕੇਂਦਰ ਸਰਕਾਰ ਪੰਜਾਬ 'ਚ ਖ਼ਰੀਦ ਨਿਯਮਾਂ 'ਚ ਢਿੱਲ ਦੇਣ ਬਾਰੇ ਆਖ਼ਰੀ ਫ਼ੈਸਲਾ ਲਵੇਗੀ।
ਪੰਜਾਬ ਦੇ ਇਸ ਪਿੰਡ 'ਚ ਅਚਾਨਕ ਪੈ ਗਿਆ ਭੜਥੂ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਲੋਕ
NEXT STORY