ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਂਬੱਧਰ ਦੇ ਵਸਨੀਕ ਉੱਘੇ ਲੋਕ ਗਾਇਕ ਗੁਰਵਿੰਦਰ ਬਰਾੜ ਕਿਸਾਨੀ ਸੰਘਰਸ਼ 'ਚ ਦਿੱਲੀ ਪੁੱਜ ਗਏ ਹਨ। ਪੰਜਾਬ 'ਚ ਪਿਛਲੇ ਦੋ ਢਾਈ ਮਹੀਨਿਆਂ ਦੌਰਾਨ ਕਿਸਾਨਾਂ ਵੱਲੋਂ ਚਲਾਏ ਗਏ ਸੰਘਰਸ਼ 'ਚ ਵੀ ਗੁਰਵਿੰਦਰ ਬਰਾੜ ਨੇ ਥਾਂ-ਥਾਂ ਪਹੁੰਚ ਕੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਸੀ ਤੇ ਸਟੇਜਾਂ ਸਾਂਝੀਆਂ ਕੀਤੀਆਂ ਸਨ। ਗੁਰਵਿੰਦਰ ਬਰਾੜ ਨੇ ਕਿਹਾ ਕਿ ਉਹ ਖ਼ੁਦ ਕਿਸਾਨ ਦਾ ਪੁੱਤਰ ਹੈ ਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਉਹ ਦਿੱਲੀ ਪਹੁੰਚੇ ਹਨ।
ਦੱਸ ਦਈਏ ਕਿ ਕਿਸਾਨੀ ਅੰਦੋਲਨ ਨੇ ਪੰਜਾਬੀ ਕਲਾਕਾਰ ਭਾਈਚਾਰੇ ਨੂੰ ਇਕ ਨਵੇਂ ਰੰਗ 'ਚ ਰੰਗ ਦਿੱਤਾ ਹੈ। ਕਿਸਾਨੀ ਸੰਘਰਸ਼ ਲਈ ਕਲਾਕਾਰ ਭਾਈਚਾਰਾ ਪਹਿਲੀ ਵਾਰ ਇਕੱਠਾ ਨਜ਼ਰ ਆ ਰਿਹਾ ਹੈ, ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ। ਰੋਜ਼ਾਨਾ ਕੋਈ ਨਾ ਕੋਈ ਕਲਾਕਾਰ ਦਿੱਲੀ ਜਾ ਰਿਹਾ ਹੈ ਅਤੇ ਕਿਸਾਨਾਂ ਦੀ ਹੌਂਸਲਾ ਅਫ਼ਜਾਈ ਕਰ ਰਿਹਾ ਹੈ। ਕਿਸਾਨਾਂ ਦੇ ਮੋਰਚੇ ਨੂੰ ਹਰ ਵਰਗ ਦਾ ਸਾਥ ਮਿਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਸਿਤਾਰੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਪੰਜਾਬੀ ਕਲਾਕਾਰ ਵੀ ਇਸ ਮੋਰਚੇ 'ਚ ਆਪਣੀ ਹਾਜ਼ਰੀ ਲਗਵਾ ਰਹੇ ਹਨ।
ਦਿੱਲੀ ਪਹੁੰਚ ਗਿੱਪੀ ਗਰੇਵਾਲ ਨੇ ਵੰਡਾਇਆ ਸੇਵਾ ਵਿਚ ਹੱਥ
ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦਿੱਲੀ ਧਰਨੇ 'ਚ ਪਹੁੰਚੇ ਸਨ। ਗਿੱਪੀ ਗਰੇਵਾਲ ਨੇ ਇਕ ਪੋਸਟ ਤੇ ਇਕ ਲਾਈਵ ਵੀਡੀਓ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ ਦਿੱਲੀ ਧਰਨੇ ਦੌਰਾਨ ਗਿੱਪੀ ਗਰੇਵਾਲ ਖ਼ਾਲਸਾ ਏਡ ਦੇ ਕਰਮਚਾਰੀਆਂ ਨੂੰ ਮਿਲੇ। ਉਨ੍ਹਾਂ ਨੇ ਦੱਸਿਆ ਕਿ ਇਥੇ ਕਿਸਾਨਾਂ ਦੀ ਹਰ ਤਰ੍ਹਾਂ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਕਿਸਾਨੀ ਧਰਨੇ 'ਚ ਜਿਮ, ਕੱਪੜੇ ਧੌਣ ਲਈ ਮਸ਼ੀਨਾਂ, ਬਜ਼ੁਰਗਾਂ ਲਈ ਲੱਤਾਂ ਦੀ ਮਸਾਜ ਵਾਸਤੇ ਮਸ਼ੀਨਾਂ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਿੱਪੀ ਨੇ ਰੋਟੀਆਂ ਬਣਾਉਣ ਦੀ ਸੇਵਾ ਵੀ ਕੀਤੀ।
ਗੁਰਨਾਮ ਭੁੱਲਰ ਵੀ ਲਗਵਾ ਚੁੱਕੇ ਨੇ ਹਾਜ਼ਰੀ
ਪੰਜਾਬੀ ਗਾਇਕ ਗੁਰਨਾਮ ਭੁੱਲਰ ਵੀ ਦਿੱਲੀ ਦੇ ਕੁੰਡਲੀ ਬਾਰਡਰ 'ਤੇ ਲੱਗੇ ਕਿਸਾਨੀ ਮੋਰਚੇ 'ਤੇ ਪਹੁੰਚੇ ਸਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ- #kisanmazdoorekta ਜ਼ਿੰਦਾਬਾਦ, ਲੰਗਰ ਸੇਵਾ #delhi kundli border।' ਤਸਵੀਰ 'ਚ ਉਹ ਲੋਕਾਂ ਨਾਲ ਮਿਲ ਕੇ ਲੰਗਰ ਲਈ ਰੋਟੀਆਂ ਬਣਾਉਂਦੇ ਹੋਏ ਨਜ਼ਰ ਆਏ ਸਨ।
ਰੇਸ਼ਮ ਸਿੰਘ ਅਨਮੋਲ ਵੀ ਧਰਨੇ 'ਚ ਕਰ ਰਹੇ ਨੇ ਸੇਵਾ
ਗਾਇਕ ਰੇਸ਼ਮ ਸਿੰਘ ਅਨਮੋਲ ਵੀ ਧਰਨੇ 'ਚ ਪਹੁੰਚੇ ਨੇ ਅਤੇ ਲੰਗਰ ਤੇ ਭਾਂਡਿਆਂ ਦੀ ਸੇਵਾ ਦੇ ਨਾਲ-ਨਾਲ ਕਈ ਹੋਰ ਸੇਵਾਵਾਂ ਵੀ ਨਿਭਾ ਰਹੇ ਹਨ। ਰੇਸ਼ਮ ਸਿੰਘ ਅਨਮੋਲ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਸਨ, ਜਿਨ੍ਹਾਂ 'ਚ ਉਹ ਕਿਸਾਨਾਂ ਲਈ ਲੰਗਰ, ਭਾਂਡਿਆਂ ਦੀ ਸੇਵਾ ਤੇ ਝਾੜੂ ਲਾਉਂਦੇ ਹੋਏ ਨਜ਼ਰ ਆ ਰਹੇ ਸਨ। ਕੁਝ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਵੀਡੀਓਜ਼ 'ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਬੜੀ ਹੀ ਤਨਦੇਹੀ ਨਾਲ ਭਾਂਡੇ ਮਾਂਜਣ, ਝਾੜੂ ਅਤੇ ਲੰਗਰ ਬਣਾਉਣ ਦੀ ਸੇਵਾ ਨਿਭਾ ਰਹੇ ਨੇ।
ਦੱਸ ਦਈਏ ਕਿ ਕਲਾਕਾਰ ਕਿਸਾਨੀ ਅੰਦੋਲਨ 'ਚ ਕੰਮ ਕਰ ਰਹੇ ਹਨ ਤੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਉਹ ਕਿਸਾਨਾਂ ਦੇ ਹੱਕਾਂ ਲਈ ਬੋਲਦੇ ਹੋਏ ਨਜ਼ਰ ਆ ਰਹੇ ਹਨ। ਰੇਸ਼ਮ ਸਿੰਘ ਅਨਮੋਲ ਵੀ ਕਿਸਾਨ ਅੰਦੋਲਨ ਪੂਰੇ ਜਜ਼ਬੇ ਨਾਲ ਜੁੜੇ ਹੋਏ ਹਨ। ਉਹ ਰੋਟੀ ਬਨਾਉਣ, ਸਬਜ਼ੀ ਕੱਟਣ ਤੋਂ ਲੈ ਕੇ ਭਾਂਡੇ ਮਾਂਜਦੇ ਹੋਏ ਨਜ਼ਰ ਆਏ। ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਨਜ਼ਰ ਆਏ ਕਿਉਂਕਿ ਉਹ ਖ਼ੁਦ ਵੀ ਇਕ ਕਿਸਾਨ ਹੈ। ਰੇਸ਼ਮ ਸਿੰਘ ਅਨਮੋਲ ਦੇ ਗੀਤਾਂ 'ਚ ਵੀ ਕਿਸਾਨੀ ਝਲਕਦੀ ਹੈ।
ਰੁਪਿੰਦਰ ਹਾਂਡਾ ਲਗਾਤਾਰ ਕਰ ਰਹੀ ਹੈ ਕਿਸਾਨਾਂ ਦਾ ਸਮਰਥਨ
ਦੱਸ ਦਈਏ ਕਿ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਗਾਇਕਾ ਬਾਰਡਰ 'ਤੇ ਬੈਠੇ ਕਿਸਾਨਾਂ ਲਈ ਲੰਗਰ ਤੇ ਪਕੌੜੇ ਬਣਾਉਂਦੀ ਨਜ਼ਰ ਆਈ ਸੀ। ਇਸ ਦੀਆਂ ਕੁਝ ਵੀਡੀਓਜ਼ ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਸਨ। ਰੁਪਿੰਦਰ ਹਾਂਡਾ ਟਿਕਰੀ ਬਾਰਡਰ 'ਤੇ ਕਿਸਾਨਾਂ ਨਾਲ ਅੰਦੋਲਨ 'ਚ ਹਿੱਸਾ ਲੈ ਰਹੀ ਹੈ। ਰੁਪਿੰਦਰ ਹਾਂਡਾ ਵਲੋਂ ਸਾਂਝੀਆਂ ਕੀਤੀਆਂ ਵੀਡੀਓਜ਼ 'ਚ ਵੇਖਿਆ ਜਾ ਸਕਦਾ ਹੈ ਕਿ ਉਹ ਕਿਵੇਂ ਦੂਜੇ ਲੋਕਾਂ ਨਾਲ ਮਿਲ ਕੇ ਲੰਗਰ ਬਣਾਉਣ 'ਚ ਹੱਥ ਵਟਾ ਰਹੀ ਹੈ। ਕਦੇ ਪਕੌੜੇ ਬਣਾ ਰਹੀ ਹੈ ਤੇ ਨਾਲ ਫੁਲਕੇ ਤਿਆਰ ਕਰ ਰਹੀ ਹੈ। ਰੁਪਿੰਦਰ ਹਾਂਡਾ ਦੇ ਇਸ ਜ਼ਜਬੇ ਨੂੰ ਵੇਖ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ। ਰੁਪਿੰਦਰ ਹਾਂਡਾ ਨੇ ਇਨ੍ਹਾਂ ਸਾਰੀਆਂ ਵੀਡੀਓਜ਼ ਨੂੰ ਸਾਂਝੀਆਂ ਕਰਦਿਆਂ ਕੈਪਸ਼ਨ 'ਚ ਲਿਖਿਆ 'ਟਿਕਰੀ ਬਾਰਡਰ 'ਤੇ ਅੱਜ ਵੀ ਲੰਗਰ ਸੇਵਾ ਲਾ ਰਹੇ ਨੇ। ਵਾਹਿਗੁਰੂ ਭਲਾ ਕਰੇ।'
ਦਿੱਲੀ ਪਹੁੰਚ ਕੌਰ ਬੀ ਤੇ ਮਿਸ ਪੂਜਾ ਨੇ ਵੰਡਾਇਆ ਸੇਵਾ 'ਚ ਹੱਥ
ਪੰਜਾਬ ਦੀ ਪ੍ਰਸਿੱਧ ਗਾਇਕਾ ਕੌਰ ਬੀ ਦਿੱਲੀ ਪਹੁੰਚੀ ਅਤੇ ਉਥੇ ਉਹ ਕਿਸਾਨ ਭਰਾਵਾਂ ਦੀ ਸੇਵਾ ਕਰਦੀ ਵੀ ਨਜ਼ਰ ਆਈ। ਬੀਤੇ ਦਿਨ ਕੌਰ ਬੀ ਨੇ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚ ਉਹ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕਰਦੀ ਨਜ਼ਰ ਆਈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕੌਰ ਬੀ ਨੇ ਕੈਪਸ਼ਨ 'ਚ ਲਿਖਿਆ ਸੀ, 'ਵਾਹਿਗੁਰੂ ਜੀ ਸਭ 'ਤੇ ਮਿਹਰ ਕਰੀਓ।' ਦੱਸ ਇਸ ਦੌਰਾਨ ਮਿਸ ਪੂਜਾ, ਗੁਰਲੇਜ ਅਖ਼ਤਰ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਕਿਸਾਨਾ ਦੀ ਸੇਵਾ ਲਈ ਹੱਥ ਵੰਡਾਇਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਦਿਵਸ ਮੌਕੇ ਪਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
NEXT STORY