ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਬੈਰਕ ਤਬਦੀਲ ਕਰਨ ਸਮੇਂ ਤਲਾਸ਼ੀ ਦੌਰਾਨ ਦੋ ਹਵਾਲਾਤੀਆਂ ਵਲੋਂ ਜੇਲ੍ਹ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਜਾਨਲੇਵਾ ਹਮਲਾ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਦੋਵਾਂ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ 30 ਅਕਤੂਬਰ ਨੂੰ ਦੁਪਹਿਰ ਕਰੀਬ 12:50 ਵਜੇ ਜਦੋਂ ਜੇਲ੍ਹ ਸਟਾਫ਼ ਵੱਲੋਂ ਹਵਾਲਾਤੀ ਮੋਹਿਤ ਕੁਮਾਰ ਉਰਫ਼ ਜੋਬਨ (ਵਾਸੀ ਗੇਟ ਹਕੀਮਾਂ, ਅੰਮ੍ਰਿਤਸਰ) ਅਤੇ ਸਾਜਨ ਦੀ ਬੈਰਕ ਤਬਦੀਲ ਕਰਨ ਸਮੇਂ ਤਲਾਸ਼ੀ ਲਈ ਜਾ ਰਹੀ ਸੀ, ਤਾਂ ਦੋਵਾਂ ਨੇ ਆਪਸ ਵਿੱਚ ਸਾਜ਼ਬਾਜ਼ ਹੋ ਕੇ ਆਪਣੇ ਕੋਲ ਛੁਪਾ ਕੇ ਰੱਖੀਆਂ ਲੋਹੇ ਦੀਆਂ ਨੁਕੀਲੀਆਂ ਤੇਜ਼ਧਾਰ ਸੂਏ ਵਰਗੀਆਂ ਵਸਤੂਆਂ ਨਾਲ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਅਤੇ ਡਿਊਟੀ ਕਰਮਚਾਰੀਆਂ ’ਤੇ ਅਚਾਨਕ ਜਾਨਲੇਵਾ ਹਮਲਾ ਕਰ ਦਿੱਤਾ।
ਇਸ ਹਮਲੇ ਵਿਚ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ, ਹੈੱਡ ਵਾਰਡਰ ਜਸਪਾਲ ਸਿੰਘ, ਪੈਸਕੋ ਕਰਮਚਾਰੀ ਲਵਪ੍ਰੀਤ ਸਿੰਘ ਅਤੇ ਹੁਸਨਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹੰਗਾਮੇ ਦੌਰਾਨ ਮੁਲਜ਼ਮਾਂ ਨੇ ਕਰਮਚਾਰੀਆਂ ਦੀਆਂ ਵਰਦੀਆਂ ਵੀ ਪਾੜ ਦਿੱਤੀਆਂ। ਜੇਲ੍ਹ ਸਟਾਫ਼ ਨੇ ਮੁਸ਼ੱਕਤ ਤੋਂ ਬਾਅਦ ਦੋਵਾਂ ਹਵਾਲਾਤੀਆਂ ਨੂੰ ਕਾਬੂ ਕਰਕੇ ਵੱਖਰੀ ਬੈਰਕ ਵਿੱਚ ਬੰਦ ਕੀਤਾ।
ਜੇਲ੍ਹ ਸੁਪਰਡੈਂਟ ਦੀ ਸਿਫ਼ਾਰਸ਼ ਅਤੇ ਸਹਾਇਕ ਸੁਪਰਡੈਂਟ ਵਰਿੰਦਰ ਸਿੰਘ ਵੱਲੋਂ ਭੇਜੇ ਪੱਤਰ ਦੇ ਆਧਾਰ 'ਤੇ ਥਾਣਾ ਸਦਰ ਵਿਖੇ ਮੁਕੱਦਮਾ ਨੰਬਰ 348, ਮਿਤੀ 05.11.2026 ਅਧੀਨ ਧਾਰਾ 109, 132, 221, 3(5) ਬੀ.ਐਨ.ਐਸ. ਅਤੇ 52 ਪ੍ਰਿਜ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੇਸ ਦੀ ਤਫ਼ਤੀਸ਼ ਸਹਾਇਕ ਥਾਣੇਦਾਰ ਇਕਬਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਗੁਰਦੁਆਰਾ ਸ੍ਰੀ ਲਖਪਤ ਸਾਹਿਬ ਬਾਰੇ ਸਤਨਾਮ ਸਿੰਘ ਸੰਧੂ ਦੀ ਪੁਸਤਕ ਇਤਿਸਾਹਕ ਉਪਰਾਲਾ: ਗਿਆਨੀ ਰਘਬੀਰ ਸਿੰਘ
NEXT STORY