ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ)-ਰਾਜਸੀ ਆਗੂਆਂ ਨੂੰ ਸਵਾਲ-ਜਵਾਬ ਕਰਨ ਦਾ ਕਿਸਾਨਾਂ ਦਾ ਪਿੰਡ-ਪਿੰਡ ’ਚ ਸਿਲਸਿਲਾ ਜਾਰੀ ਹੈ। ਗਿੱਦੜਬਾਹਾ ਹਲਕੇ ਦੇ ਪਿੰਡ ਹਰੀਕੇ ਕਲਾਂ ’ਚ ਕਿਸਾਨਾਂ ਨੇ ਅੱਜ ਸਵਾਲ-ਜਵਾਬ ਕਰਨ ਲਈ ਜੋ ਤਰੀਕਾ ਅਪਣਾਇਆ, ਉਹ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿੰਡ ਹਰੀਕੇ ਕਲਾਂ ’ਚ ਅੱਜ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਪਹੁੰਚੀ ਤਾਂ ਕਿਸਾਨ ਯੂਨੀਅਨ ਨਾਲ ਸਬੰਧਿਤ ਪਿੰਡ ਦੇ ਵਿਅਕਤੀਆਂ ਨੇ ਵਿਰੋਧ ’ਚ ਕੋਈ ਨਾਅਰੇਬਾਜ਼ੀ ਨਹੀਂ ਕੀਤੀ ਅਤੇ ਨਾ ਹੀ ਕਾਲੀਆਂ ਝੰਡੀਆਂ ਦਿਖਾਈਆਂ। ਜਿਸ ਰਸਤੇ ਤੋਂ ਅੰਮ੍ਰਿਤਾ ਵੜਿੰਗ ਦੀਆਂ ਗੱਡੀਆਂ ਨੇ ਲੰਘਣਾ ਸੀ, ਉਸ ਰਸਤੇ ਦੇ ਇੱਕ ਕਿਨਾਰੇ ’ਤੇ 5-7 ਕੁਰਸੀਆਂ ਲਾ ਕੇ ਇੱਕ ਮੇਜ਼ ’ਤੇ ਕੋਲਡ ਡਰਿੰਕ ਰੱਖ ਕੇ ਇੱਕ ਬੈਨਰ ਹੱਥ ’ਚ ਫੜ ਕੇ ਅਪੀਲ ਕੀਤੀ ਗਈ ਕਿ ਉਹ ਕੁਝ ਸਵਾਲ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ਜਵਾਬ ਦਿੱਤਾ ਜਾਵੇ।
ਇਹ ਵੀ ਪੜ੍ਹੋ : ਬਰਗਾੜੀ ਬੇਅਦਬੀ ਕਾਂਡ : ਅਦਾਲਤ ਨੇ 8 ਅਕਤੂਬਰ ਤਕ ਮੁਲਤਵੀ ਕੀਤੀ ਸੁਣਵਾਈ
ਜੋ ਹੱਥ ਲਿਖਤ ਬੈਨਰ ਕਿਸਾਨ ਯੂਨੀਅਨ ਨਾਲ ਸਬੰਧਿਤ ਵਿਅਕਤੀਆਂ ਦੇ ਹੱਥ ’ਚ ਫੜਿਆ ਸੀ, ਉਸ ’ਤੇ ਲਿਖਿਆ ਸੀ ਕਿ ਚਾਹ-ਪਾਣੀ ਪੀਓ ਜੀ ਅਤੇ ਸਾਡੇ ਸਵਾਲਾਂ ਦੇ ਜਵਾਬ ਦਿਓ ਜੀ, ਅਸੀਂ ਵਿਰੋਧ ਨਹੀਂ ਕਰਦੇ ਸਿਰਫ਼ ਸਵਾਲਾਂ ਦੇ ਜਵਾਬ ਮੰਗਦੇ ਹਾਂ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸਬੰਧਿਤ ਇਨ੍ਹਾਂ ਵਰਕਰਾਂ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਦੀ ਚਰਚਾ ਹੈ। ਕਿਸਾਨ ਯੂਨੀਅਨ ਨਾਲ ਸਬੰਧਿਤ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਰਾਜਸੀ ਪਾਰਟੀਆਂ ਕਿਸਾਨਾਂ ਨੂੰ ਆਪਣੀ ਵਿਰੋਧੀ ਪਾਰਟੀ ਨਾਲ ਸਬੰਧਿਤ ਦੱਸ ਕੇ ਮਾਹੌਲ ਖਰਾਬ ਕਰਨ ਦਾ ਦੋਸ਼ ਲਾ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਇਹ ਤਰੀਕਾ ਅਪਣਾਇਆ ਕਿ ਅੱਜ ਜਿਥੇ ਅੰਮ੍ਰਿਤਾ ਵੜਿੰਗ ਹੋਰ ਘਰਾਂ ਵਿਚ ਪਹੁੰਚੇ ਹਨ, ਉੱਥੇ ਕਿਸਾਨ ਯੂਨੀਅਨ ਵੱਲੋਂ ਕੀਤੇ ਇਸ ਪ੍ਰੋਗਰਾਮ ’ਚ ਪਹੁੰਚਣ ਅਤੇ ਸਵਾਲਾਂ ਦੇ ਜਵਾਬ ਦੇਣ। ਕਿਸਾਨ ਆਗੂਆਂ ਨੇ ਕਿਹਾ ਕਿ ਅੰਮ੍ਰਿਤਾ ਵੜਿੰਗ ਆਪਣੀਆਂ ਗੱਡੀਆਂ ’ਚ ਇਸ ਸਭ ਨੂੰ ਅਣਦੇਖਿਆ ਕਰ ਕੇ ਕੋਲੋਂ ਲੰਘ ਗਏ।
ਬਰਗਾੜੀ ਬੇਅਦਬੀ ਕਾਂਡ : ਅਦਾਲਤ ਨੇ 8 ਅਕਤੂਬਰ ਤਕ ਮੁਲਤਵੀ ਕੀਤੀ ਸੁਣਵਾਈ
NEXT STORY