ਪਟਿਆਲਾ, (ਰਾਜੇਸ਼,ਜੋਸਨ,ਰਾਣਾ)- ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਇਸ ਹਾੜ੍ਹੀ ਦੇ ਸੀਜ਼ਨ ਦੌਰਾਨ ਜ਼ਿਲੇ ਦੇ ਕਿਸਾਨਾਂ ਨੂੰ 25 ਹਜ਼ਾਰ ਕੁਇੰਟਲ ਕਣਕ ਦਾ ਬੀਜ ਸਬਸਿਡੀ 'ਤੇ ਮੁਹੱਈਆ ਕਰਵਾਇਆ ਜਾਵੇਗਾ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਹੋਈ ਮਹੀਨਾਵਾਰ ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਜਨਰਲ ਸੂਬਾ ਸਿੰਘ ਨੇ ਮੁੱਖ ਖੇਤੀਬਾੜੀ ਅਫ਼ਸਰ ਅਰਵਿੰਦਰ ਸਿੰਘ ਨੂੰ ਕਿਹਾ ਕਿ ਬੀਜ ਦੀ ਵੰਡ ਵਿਚ ਪਾਰਦਰਸ਼ਤਾ ਰੱਖੀ ਜਾਵੇ ਅਤੇ ਸਰਕਾਰ ਦੀ ਨੀਤੀ ਮੁਤਾਬਕ ਹੀ ਵੰਡ ਕੀਤੀ ਜਾਵੇ।
ਅਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਕਿਸਾਨ 3 ਅਕਤੂਬਰ ਤੱਕ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਤੋਂ ਫਾਰਮ ਲੈ ਕੇ ਭਰਨ ਉਪਰੰਤ ਕਣਕ ਦੀ 3086, 2967, 725 ਤੇ 550 ਕਿਸਮਾਂ ਦੇ ਪ੍ਰਵਾਨਿਤ ਬੀਜ ਲੈ ਸਕਦੇ ਹਨ।
ਇਹ ਬੀਜ 2600 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਜਿਸ 'ਤੇ 1000 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਉਪਰੰਤ ਕਿਸਾਨਾਂ ਨੂੰ 1600 ਰੁਪਏ ਪ੍ਰਤੀ ਕੁਇੰਟਲ ਅਦਾ ਕਰਨੇ ਪੈਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਨੀਤੀ ਮੁਤਾਬਕ ਸਭ ਤੋਂ ਪਹਿਲਾਂ ਢਾਈ ਏਕੜ ਵਾਲੇ ਕਿਸਾਨਾਂ ਨੂੰ ਬੀਜ ਦਿੱਤਾ ਜਾਵੇਗਾ। ਉਪਰੰਤ 5 ਏਕੜ ਅਤੇ ਫਿਰ ਜੋ ਬੀਜ ਬਚ ਜਾਵੇਗਾ, ਉਹ 5 ਏਕੜ ਤੋਂ ਵੱਧ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਪ੍ਰਤੀ ਕਿੱਲਾ 40 ਕਿਲੋ ਅਤੇ 5 ਕਿੱਲਿਆਂ ਤੋਂ ਵੱਧ ਨੂੰ ਬੀਜ ਨਹੀਂ ਦਿੱਤਾ ਜਾਵੇਗਾ।
ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਸੂਬਾ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਭੇਜੀਆਂ ਜਾਂਦੀਆਂ ਸਕੀਮਾਂ ਦਾ ਲਾਭ ਦੂਰ-ਦੂਰਾਡੇ ਵਾਲੇ ਪਿੰਡਾਂ ਨੂੰ ਵੀ ਪੁਜਦਾ ਕੀਤਾ ਜਾਵੇ।
ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਉਂਦੇ ਹਥਿਆਰਾਂ ਸਣੇ 5 ਅੜਿੱਕੇ
NEXT STORY