ਫਤਿਆਬਾਦ (ਕੰਵਲ ਸੰਧੂ) : ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਤੁੜ ਦੀਆਂ ਦੋ ਮਾਸੂਮ ਬੱਚੀਆਂ ਮਾਂ ਨੂੰ ਨਾਨਕਿਆਂ ਵੱਲੋਂ ਜਬਰੀ ਅਗਵਾ ਕਰਨ ਦੀ ਸ਼ਿਕਾਇਤ ਲੈ ਕੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਪੁੱਜੀਆਂ ਤਾਂ ਥਾਣੇ ਦੇ ਮੁਲਾਜ਼ਮਾਂ ਦਾ ਰੁੱਖਾ ਵਤੀਰਾ ਦੇਖ ਦੋਵੇਂ ਬੱਚੀਆਂ ਸਹਿਮ ਗਈਆਂ। ਆਪਣੇ ਪਿਤਾ ਪਰਮਜੀਤ ਸਿੰਘ ਨਾਲ ਆਈਆਂ ਬੱਚੀਆਂ ਕਿਰਨਦੀਪ ਕੌਰ (12) ਅਤੇ ਸਿਮਰਨਦੀਪ ਕੌਰ (8) ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੂੰ ਉਨ੍ਹਾਂ ਦੇ ਨਾਨਕੇ ਸਰਪੰਚ ਗੁਰਦਿਆਲ ਸਿੰਘ ਦੀ ਸ਼ਹਿ 'ਤੇ ਆਪਣੇ ਨਾਲ ਲੈ ਗਏ ।
ਇਸ ਮੌਕੇ ਪੀੜਤ ਪਰਿਵਾਰ ਨਾਲ ਥਾਣਾ ਗੋਇੰਦਵਾਲ ਸਾਹਿਬ ਪੁੱਜੇ ਪਿੰਡ ਵਾਸੀ ਦਰਸ਼ਨ ਕੌਰ, ਕਿਰਨਜੋਤ ਕੌਰ, ਗੁਰਪ੍ਰੀਤ ਸਿੰਘ, ਸਰਵਨ ਸਿੰਘ ਆਦਿ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਰਮਜੀਤ ਸਿੰਘ ਦੀ ਪਤਨੀ ਮਨਦੀਪ ਕੌਰ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ, ਜਿਸ ਦੀਆਂ ਦੋ ਬੇਟੀਆਂ ਹਨ। ਇਨ੍ਹਾਂ ਦਾ ਨਾਨਕਾ ਪਰਿਵਾਰ ਪਤੀ-ਪਤਨੀ ਦੇ ਆਪਸੀ ਝਗੜੇ ਨੂੰ ਆਧਾਰ ਬਣਾ ਕੇ ਮਨਦੀਪ ਕੌਰ ਨੂੰ ਜ਼ਬਰਦਸਤੀ ਘਰੋਂ ਲੈ ਗਿਆ ਜਿਸ 'ਚ ਕਥਿਤ ਤੌਰ 'ਤੇ ਪਿੰਡ ਦਾ ਸਰਪੰਚ ਗੁਰਦਿਆਲ ਸਿੰਘ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਇਸ ਝਗੜੇ ਵਿਚ ਦੋਵੇਂ ਬੱਚੀਆਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਦਰਖਾਸਤ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਫਰਿਆਦ ਕੀਤੀ ਹੈ। ਇਸ ਸਬੰਧੀ ਪਿੰਡ ਤੁੜ ਦੇ ਸਰਪੰਚ ਗੁਰਦਿਆਲ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਮਾਮਲੇ 'ਚ ਉਸ ਦਾ ਕੋਈ ਰੋਲ ਨਹੀਂ ਹੈ। ਉਸ ਦਾ ਨਾਂ ਸਾਜ਼ਿਸ਼ ਤਹਿਤ ਲਿਆ ਜਾ ਰਿਹਾ ਹੈ।
ਉਧਰ ਥਾਣਾ ਮੁਖੀ ਅਜੈ ਕੁਮਾਰ ਨੇ ਕਿਹਾ ਕਿ ਪੀੜਤ ਪਰਿਵਾਰ ਦੀ ਦਰਖਾਸਤ ਲੈ ਲਈ ਗਈ ਹੈ। ਪੀੜਤ ਪਰਿਵਾਰ ਨੂੰ ਪੂਰਾ ਇਨਸਾਫ ਦੁਆਇਆ ਜਾਵੇਗਾ। ਜੇਕਰ ਥਾਣੇ 'ਚ ਦਰਖਾਸਤ ਦੇਣ ਆਏ ਪਰਿਵਾਰ ਨਾਲ ਆਈਆਂ ਬੱਚੀਆਂ ਪ੍ਰਤੀ ਪੁਲਸ ਮੁਲਾਜ਼ਮਾਂ ਦਾ ਵਤੀਰਾ ਰੁੱਖਾ ਸੀ ਤਾਂ ਉਹ ਜਾਂਚ ਉਪਰੰਤ ਵਿਭਾਗੀ ਕਾਰਵਾਈ ਤੋਂ ਗੁਰੇਜ਼ ਨਹੀਂ ਕਰਨਗੇ।
ਦਿੱਲੀ ਕਮੇਟੀ ਨੂੰ ਨਗਰ ਕੀਰਤਨ ਨਨਕਾਣਾ ਸਾਹਿਬ ਲਿਜਾਣ ਦੀ ਮਿਲੀ ਇਜਾਜ਼ਤ
NEXT STORY