ਫਤਿਹਗਡ਼੍ਹ ਸਾਹਿਬ (ਬਖਸ਼ੀ, ਜਗਦੇਵ): ਜਦੋਂ ਤੋਂ ਜ਼ਿਲਾ ਫਤਿਹਗਡ਼੍ਹ ਸਾਹਿਬ ’ਚ ਅੰਮ੍ਰਿਤ ਕੌਰ ਗਿੱਲ ਵਲੋਂ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਗਿਆ, ਉਸ ਸਮੇਂ ਤੋਂ ਹੀ ਪ੍ਰਸ਼ਾਸਨਿਕ ਕੰਮਾਂ ’ਚ ਤੇਜ਼ੀ ਆਉਣੀ ਸ਼ੁਰੂ ਹੋਈ ਹੈ। ਇਸ ਵਾਰ ਸ਼੍ਰੀਮਤੀ ਗਿੱਲ ਤੇ ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਦੀ ਜੋਡ਼ੀ ਵੱਲੋਂ ਸ਼ਹੀਦੀ ਸਭਾ ਦੌਰਾਨ ਅੱਗੇ ਤੋਂ ਬਿਹਤਰ ਫੈਸਲੇ ਲੈ ਕੇ ਸ਼ਰਧਾਲੂਆਂ ਲਈ ਪ੍ਰਸ਼ਾਸਨਿਕ ਸਹੂਲਤਾਂ ’ਚ ਸੁਧਾਰ ਕਰ ਕੇ ਮਿਸਾਲ ਪੈਦਾ ਕੀਤੀ ਜਾ ਰਹੀ ਹੈ। ਬੇਸ਼ੱਕ ਇਨ੍ਹਾਂ ਫੈਸਲਿਆਂ ਕਾਰਣ ਕਈ ਸੱਤਾਧਾਰੀ ਪਾਰਟੀ ਦੇ ਆਗੂ ਨਾਰਾਜ਼ ਵੀ ਦਿਖਾਈ ਦੇ ਰਹੇ ਹਨ।
ਜ਼ਿਲਾ ਪ੍ਰਸ਼ਾਸਨ ਵੱਲੋਂ ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ 26 ਤੋਂ 28 ਦਸੰਬਰ ਤੱਕ ਮਨਾਈ ਜਾਣ ਵਾਲੀ ਸ਼ਹੀਦੀ ਸਭਾ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਤਿੰਨ ਰੋਜ਼ਾ ਸ਼ਹੀਦੀ ਸਭਾ ਦੌਰਾਨ 20 ਤੋਂ 25 ਲੱਖ ਤੱਕ ਸ਼ਰਧਾਲੂਆਂ ਦੇ ਪੁੱਜਣ ਦੀ ਆਸ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਗੁਰਦੁਆਰਾ ਸ੍ਰੀ ਫ਼ਤਿਹਗਡ਼੍ਹ ਸਾਹਿਬ ਨੇਡ਼ੇ ਟਿੱਲੇ ’ਤੇ ਸਥਾਪਤ ਕੀਤੇ ਕੰਟਰੋਲ ਰੂਮ ਵਿਖੇ ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨਾਲ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸੰਗਤਾਂ ਦੀ ਆਮਦ ਨੂੰ ਮੁੱਖ ਰਖਦਿਆਂ ਸੰਗਤਾਂ ਦੀ ਸਹੂਲਤ ਲਈ ਹਰ ਕਿਸਮ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਪਹਿਲੀ ਵਾਰ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਲਈ ਈ-ਰਿਕਸ਼ਾ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਸੰਗਤਾਂ ਲਈ ਪੀਣ ਵਾਲੇ ਸਾਫ-ਸੁਥਰੇ ਪਾਣੀ, ਪਖਾਨਿਆਂ, ਇਸ਼ਨਾਨ ਘਰਾਂ ਤੇ ਰੈਣ-ਬਸੇਰਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਹੀਦੀ ਸਭਾ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਵੱਖ-ਵੱਖ ਪਾਬੰਦੀਆਂ ਲਾਈਆਂ ਗਈਆਂ ਹਨ, ਜਿਨ੍ਹਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਵੱਖ-ਵੱਖ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਲੰਗਰਾਂ ’ਚ ਸਾਫ-ਸਫਾਈ ਰੱਖਣ ਦੇ ਨਾਲ-ਨਾਲ ਸਾਦਾ ਲੰਗਰ ਹੀ ਵਰਤਾਉਣ ਤੇ ਲੰਗਰਾਂ ’ਚ ਕਿਸੇ ਵੀ ਤਰ੍ਹਾਂ ਦੇ ਮਿੱਠੇ ਪਦਾਰਥ ਨਾ ਵਰਤਾਏ ਜਾਣ। ਉਨ੍ਹਾਂ ਸ਼ਹੀਦੀ ਸਭਾ ਦੀ ਧਾਰਮਕ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਸੰਗਤਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ। ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਜ਼ਿਲਾ ਪੁਲਸ ਵੱਲੋਂ ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਹਨ ਤੇ ਸ਼ਹੀਦੀ ਸਭਾ ਦੇ ਏਰੀਏ ’ਚ ਸ਼ਰਾਰਤੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖਣ ਲਈ 200 ਅਤਿ-ਆਧੁਨਿਕ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਵੱਲੋਂ ਸ਼ਹੀਦੀ ਸਭਾ ਦੇ ਸਮੁੱਚੇ ਇਲਾਕੇ ਨੂੰ ਪੰਜ ਸੈਕਟਰਾਂ ’ਚ ਵੰਡ ਕੇ ਹਰੇਕ ਸੈਕਟਰ ’ਚ ਇਕ ਐੱਸ. ਪੀ. ਰੈਂਕ ਦੇ ਅਧਿਕਾਰੀ ਨੂੰ ਸੈਕਟਰ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 11 ਐੱਸ. ਪੀਜ਼, 26 ਡੀ. ਐੱਸ. ਪੀਜ਼, 35 ਹੋਰ ਅਧਿਕਾਰੀਆਂ ਸਮੇਤ ਲਗਭਗ 2600 ਦੇ ਕਰੀਬ ਪੁਲਸ ਅਧਿਕਾਰੀ ਤੇ ਜਵਾਨ ਡਿਊਟੀ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ 19 ਪਾਰਕਿੰਗ ਸਥਾਨ ਬਣਾਏ ਗਏ ਹਨ ਤੇ ਪੁਲਸ ਵੱਲੋਂ 13 ਨਿਗਰਾਨ ਪੋਸਟਾਂ ਸਥਾਪਤ ਕੀਤੀਆਂ ਗਈਆਂ ਹਨ ਤੇ 52 ਨਾਕੇ ਲਾਏ ਗਏ ਹਨ। ਇਸ ਤੋਂ ਇਲਾਵਾ 11 ਬੈਰੀਅਰ ਵੀ ਬਣਾਏ ਗਏ ਹਨ।
ਕੌਂਡਲ ਨੇ ਸੰਗਤਾਂ ਨੂੰ ਜੇਬ ਕਤਰਿਆਂ ਤੋਂ ਵੀ ਸੁਚੇਤ ਰਹਿਣ ਲਈ ਕਿਹਾ ਤੇ ਦੱਸਿਆ ਕਿ ਪੁਲਸ ਵੱਲੋਂ ਜੇਬ ਕਤਰਿਆਂ ਤੇ ਸ਼ੱਕੀ ਵਿਅਕਤੀਆਂ ’ਤੇ ਨਿਗ੍ਹਾ ਰੱਖਣ ਲਈ ਵਿਸ਼ੇਸ਼ ਸੈੱਲ ਦੀ ਡਿਊਟੀ ਲਾਈ ਗਈ ਹੈ। ਸ਼ਹੀਦੀ ਸਭਾ ਦੌਰਾਨ ਮਹਿਲਾ ਪੁਲਸ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਪ੍ਰਸ਼ਾਸਨ ਨੂੰ ਆਪਣਾ ਪੂਰਾ-ਪੂਰਾ ਸਹਿਯੋਗ ਦੇਣ ਤੇ ਪੁਲਸ ਉਨ੍ਹਾਂ ਦੀ ਸੇਵਾ ’ਚ 24 ਘੰਟੇ ਹਾਜ਼ਰ ਰਹੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਸ਼ਰਧਾਲੂ ਨੂੰ ਸ਼ੱਕੀ ਵਿਅਕਤੀ ਬਾਰੇ ਸੂਚਨਾ ਮਿਲਦੀ ਹੈ ਤਾਂ ਤੁਰੰਤ ਇਸ ਸਬੰਧੀ ਨੇਡ਼ਲੇ ਪੁਲਸ ਕੰਟਰੋਲ ਰੂਮ ਨਾਲ ਸੰਪਰਕ ਕਰਨ। ਉਨ੍ਹਾਂ ਇਸ ਮੌਕੇ ਪੁਲਸ ਪ੍ਰਸ਼ਾਸਨ ਵੱਲੋਂ ਆਵਾਜਾਈ ਲਈ ਕੀਤੇ ਬਦਲਵੇਂ ਪ੍ਰਬੰਧਾਂ ਵਾਲੇ ਰੂਟਾਂ ਨੂੰ ਅਪਣਾਉਣ ਦੀ ਅਪੀਲ ਕੀਤੀ, ਤਾਂ ਜੋ ਆਵਾਜਾਈ ’ਚ ਕਿਸੇ ਕਿਸਮ ਦੀ ਵਿਘਨ ਨਾ ਪਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਐੱਸ. ਪੀ. (ਡੀ) ਹਰਪਾਲ ਸਿੰਘ, ਐੱਸ. ਪੀ. (ਹੈ/ਕੁ) ਨਵਰੀਤ ਸਿੰਘ ਵਿਰਕ, ਐੱਸ. ਪੀ. ਕਮਲਦੀਪ ਸਿੰਘ, ਐੱਸ. ਡੀ. ਐੱਮ. ਬੱਸੀ ਪਠਾਣਾਂ, ਪਵਿੱਤਰ ਸਿੰਘ, ਡੀ. ਐੱਸ. ਪੀ. ਹਰਦੀਪ ਸਿੰਘ ਬਡੂੰਗਰ, ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ, ਡੀ. ਐੱਸ. ਪੀ. ਅਮਲੋਹ ਸੁਖਵਿੰਦਰ ਸਿੰਘ ਤੇ ਡੀ. ਐੱਸ. ਪੀ. ਧਰਮਪਾਲ ਤੋਂ ਇਲਾਵਾ ਹੋਰ ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਹੋਈ ਟ੍ਰੈਫਿਕ ਪੁਲਸ
NEXT STORY