ਜ਼ੀਰਕਪੁਰ,(ਮੇਸ਼ੀ): ਪਿੰਡ ਸਿੰਘਪੁਰਾ ਨੇੜੇ ਬਣੀਆਂ ਝੁੱਗੀਆਂ 'ਚ ਇਕ ਕਲਯੁੱਗੀ ਮਤਰੇਏ ਪਿਓ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਗੁਰਵੰਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ 'ਚ 2 ਲੜਕੇ ਤੇ ਇਕ ਲੜਕੀ ਸ਼ਾਮਲ ਹਨ। ਪੀੜਤ ਲੜਕੀ ਸਭ ਤੋਂ ਵੱਡੀ ਬੇਟੀ ਹੈ। 3 ਨਵੰਬਰ ਨੂੰ ਦੁਪਹਿਰ ਵੇਲੇ 13 ਸਾਲਾ ਬੱਚੀ ਘਰ 'ਚ ਇਕੱਲੀ ਸੀ ਤੇ ਉਸ ਦੀ ਮਾਂ ਕੋਠੀਆਂ 'ਚ ਕੰਮ ਕਰਨ ਲਈ ਗਈ ਹੋਈ ਸੀ। ਇਸੇ ਦੌਰਾਨ ਲੜਕੀ ਦਾ ਪਿਓ, ਜੋ ਕਿ ਬਿਜਲੀ ਦਾ ਕੰਮ ਕਰਦਾ ਹੈ, ਨੇ ਆਪਣੀ ਹੀ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਲੜਕੀ ਵਲੋਂ ਘਟਨਾ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ ਗਈ, ਜਿਸ ਨੇ ਬੱਚੀ ਨੂੰ ਸਿਵਲ ਹਸਪਤਾਲ ਸੈਕਟਰ-6 ਪੰਚਕੂਲਾ ਵਿਖੇ ਦਾਖਲ ਕਰਵਾਇਆ, ਜਿੱਥੇ ਲੜਕੀ ਦਾ ਮੈਡੀਕਲ ਕਰਵਾਉਣ ਉਪਰੰਤ ਪੰਚਕੂਲਾ ਪੁਲਸ ਨੇ ਸਮੁੱਚੇ ਮਾਮਲੇ ਦੀ ਜਾਣਕਾਰੀ ਜ਼ੀਰਕਪੁਰ ਪੁਲਸ ਨੂੰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਪੀੜਤਾ ਨੇ ਦੱਸਿਆ ਹੈ ਕਿ ਉਸ ਦਾ ਪਿਓ ਇਹ ਸ਼ਰਮਨਾਕ ਹਰਕਤ ਪਿਛਲੇ ਡੇਢ ਸਾਲ ਤੋਂ ਕਰਦਾ ਆ ਰਿਹਾ ਸੀ।
ਪੰਜਾਬ ਸਰਕਾਰ ਖੇਡਾਂ ਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ : ਧਰਮਸੌਤ
NEXT STORY