ਜਲੰਧਰ/ਪਟਿਆਲਾ— ਫਾਦਰ ਐਂਥਨੀ ਕੈਸ਼ ਲੁੱਟ ਦੇ ਮਾਮਲੇ 'ਚ ਪੰਜਾਬ ਪੁਲਸ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਚਾਰ ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਾਖਸਤ ਕਰ ਦਿੱਤਾ ਹੈ। ਪਟਿਆਲਾ ਦੇ ਐੱਸ.ਐੱਸ.ਪੀ. ਅਮਨਦੀਪ ਸਿੰਘ ਸਿੱਧੂ ਨੇ ਪੁਲਸ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਪੁਸ਼ਟੀ ਕੀਤੀ ਹੈ। ਬਰਖਾਸਤ ਕੀਤੇ ਗਏ ਪੁਲਸ ਕਰਮਚਾਰੀਆਂ 'ਚ ਏ.ਐੱਸ.ਆਈ. ਜੋਗਿੰਦਰ ਸਿੰਘ, ਏ.ਐੱਸ.ਆਈ. ਰਾਜਪ੍ਰੀਤ ਸਿੰਘ, ਏ.ਐੱਸ.ਆਈ. ਦਿਲਬਾਗ ਸਿੰਘ ਅਤੇ ਹੈੱਡ ਕਾਂਸਟੇਬਲ ਅਮਰੀਕ ਸ਼ਾਮਲ ਹੈ। ਇਹ ਸਾਰੇ ਮੁਲਜ਼ਮ ਜੇਲ 'ਚ ਬੰਦ ਹਨ।
ਜ਼ਿਕਰਯੋਗ ਹੈ ਕਿ ਫਾਦਰ ਐਂਥਨੀ ਕੈਸ਼ ਲੁੱਟ ਕਾਂਡ 'ਚ ਫੜੇ ਗਏ ਏ. ਐੱਸ. ਆਈ. ਜੋਗਿੰਦਰ ਸਿੰਘ, ਏ. ਐੱਸ. ਆਈ. ਰਾਜਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ 'ਤੇ 26 ਅਗਸਤ ਨੂੰ ਦੋਸ਼ ਤੈਅ ਹੋਣੇ ਹਨ। ਇਸ ਤੋਂ ਬਾਅਦ ਕੋਰਟ ਨੇ ਪੁਲਸ ਵੱਲੋਂ ਲਗਾਈਆਂ ਧਾਰਾਵਾਂ 'ਤੇ ਬਹਿਸ ਲਈ ਆਗਾਮੀ 26 ਅਗਸਤ ਤੈਅ ਕਰ ਦਿੱਤੀ ਗਈ ਹੈ। ਇਸੇ ਦਿਨ ਬਹਿਸ ਹੋਣ ਤੋਂ ਬਾਅਦ ਅਦਾਲਤ ਵੱਲੋਂ ਮੁਲਜ਼ਮਾਂ 'ਤੇ ਚਾਰਜ ਫਰੇਮ ਕੀਤੇ ਜਾਣਗੇ। ਇਸ ਤੋਂ ਬਾਅਦ ਪੁਲਸ ਵੱਲੋਂ ਮੁਲਜ਼ਮਾਂ 'ਤੇ ਲਗਾਈਆਂ ਧਾਰਾਵਾਂ ਤਹਿਤ ਸਬੂਤ ਪੇਸ਼ ਹੋਣਗੇ ਅਤੇ ਮਾਮਲੇ ਦਾ ਟ੍ਰਾਇਲ ਸ਼ੁਰੂ ਹੋ ਜਾਵੇਗਾ।
ਕੀ ਹੈ ਮਾਮਲਾ
ਇਸੇ ਸਾਲ 29 ਮਾਰਚ ਨੂੰ ਜਲੰਧਰ ਦੇ ਪ੍ਰਤਾਪਪੁਰਾ 'ਚ ਫਾਦਰ ਐਂਥਨੀ ਦੇ ਘਰ 'ਚ ਰੇਡ ਕੀਤੀ ਗਈ ਸੀ। 30 ਮਾਰਚ ਨੂੰ ਖੰਨਾ ਐੱਸ. ਐੱਸ. ਪੀ. ਧਰੁਵ ਦਹੀਆ ਨੇ ਨਾਕੇ ਤੋਂ 9.66 ਕਰੋੜ ਬਰਾਮਦਗੀ ਦਾ ਦਾਅਵਾ ਕੀਤਾ ਸੀ। 31 ਮਾਰਚ ਨੂੰ ਫਾਦਰ ਐਂਥਨੀ ਨੇ ਪ੍ਰੈੱਸ ਕਾਨਫਰੰਸ ਕਰਕੇ 6.65 ਕਰੋੜ ਗਾਇਬ ਹੋਣ ਦੀ ਗੱਲ ਕੀਤੀ ਸੀ। 1 ਅਪ੍ਰੈਲ ਨੂੰ ਡੀ. ਜੀ. ਪੀ. ਦਿਨਕਰ ਗੁਪਤਾ ਨੇ ਆਈ. ਜੀ. ਕ੍ਰਾਈਮ ਪੀ. ਕੇ. ਸਿਨਹਾ ਨੂੰ ਜਾਂਚ ਸੌਂਪੀ ਸੀ। 12 ਅਪ੍ਰੈਲ ਨੂੰ ਆਈ. ਜੀ. ਕ੍ਰਾਈਮ ਦੀ ਜਾਂਚ ਤੋਂ ਬਾਅਦ ਏ. ਐੱਸ. ਆਈ. ਜੋਗਿੰਦਰ, ਰਾਜਪ੍ਰੀਤ ਅਤੇ ਮੁਖਬਰ ਸੁਰਿੰਦਰ ਸਿੰਘ 'ਤੇ ਮੋਹਾਲੀ 'ਚ ਧੋਖਾਧੜੀ, ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤੇ। ਇਸੇ ਦਿਨ ਡੀ. ਜੀ. ਪੀ. ਨੇ 5 ਮੈਂਬਰੀ ਕਮੇਟੀ ਬਣਾਈ ਸੀ।
17 ਅਪ੍ਰੈਲ ਮੁਖਬਰ ਸੁਰਦਿੰਰ ਸਿੰਘ ਨੂੰ ਸਮਰਾਲਾ ਤੋਂ ਗ੍ਰਿ੍ਰਫਤਾਰ ਕੀਤਾ ਗਿਆ ਸੀ। 20 ਅਪ੍ਰੈਲ ਨੂੰ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੱਸ. ਆਈ. ਰਾਜਪ੍ਰੀਤ ਸਿੰਘ ਪੁਲਸ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। 24 ਅਪ੍ਰੈਲ ਨੂੰ ਕੈਸ਼ ਲਿਜਾਣ ਲਈ ਸਵਿੱਫਟ ਕਾਰ ਦੇਣ ਵਾਲਾ ਏ. ਐੱਸ. ਆਈ. ਦਿਲਬਾਗ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਸੀ। 30 ਅਪ੍ਰੈਲ ਨੂੰ ਏ. ਐੱਸ. ਆਈ. ਰਾਜਪ੍ਰੀਤ ਅਤੇ ਜੋਗਿੰਦਰ ਸਿੰਘ ਨੂੰ ਕੋਚੀ ਦੇ ਹੋਟਲ ਕਾਸਾ ਸਿੰਲਡਾ ਤੋਂ ਗ੍ਰਿਫਤਾਰ ਕੀਤਾ ਸੀ। 1 ਮਈ ਏ. ਐੱਸ. ਆਈ. ਖੰਨਾ ਧਰੁਵ ਦਹੀਆ ਦਾ ਟਰਾਂਸਫਰ ਕਰ ਦਿੱਤਾ ਗਿਆ। 2 ਮਈ ਨੂੰ ਲੁਟਿਆ ਕੈਸ਼ ਟਿਕਾਉਣੇ ਲਗਾਉਣ ਲਈ ਮਦਦ ਕਰਨ ਵਾਲੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 13 ਮਈ ਨੂੰ ਏ. ਐੱਸ. ਆਈ. ਰਾਜਪ੍ਰੀਤ ਸਿੰਘ ਅਤੇ ਜੋਗਿੰਦਰ ਸਿੰਘ ਨੂੰ ਜੇਲ ਭੇਜਿਆ ਗਿਆ। ਹੁਣ ਇਹ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ।
ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ
NEXT STORY