ਫਰੀਦਕੋਟ/ਫ਼ਿਰੋਜ਼ਪੁਰ (ਰਘੂਨੰਦਨ ਪ੍ਰਾਸ਼ਰ/ਰਾਜੇਸ਼ ਢੰਡ) : ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਨਾਜਾਇਜ਼ ਸਫੜ ਰੋਕਣ ਅਤੇ ਜਾਇਜ਼ ਮੁਸਾਫ਼ਰਾਂ ਦੀ ਸਹੂਲਤ ਲਈ ਚਲਾਈ ਗਈ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਮਈ 2026 ਵਿਚ 43,068 ਬਿਨਾਂ ਟਿਕਟ ਯਾਤਰੀ ਫੜੇ ਗਏ ਹਨ। ਫ਼ਿਰੋਜ਼ਪੁਰ ਮੰਡਲ ਦੀ ਟਿਕਟ ਚੈਕਿੰਗ ਟੀਮ ਵੱਲੋਂ ਟਰੇਨਾਂ ਵਿਚ ਬਿਨ੍ਹਾਂ ਟਿਕਟ ਜਾਂ ਅਨਿਯਮਿਤ ਰੂਪ ਵਿਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ’ਤੇ ਨਕੇਲ ਕੱਸਣ ਲਈ ਲਗਾਤਾਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਨਿਰੀਖਕਾਂ ਵੱਲੋਂ ਮਈ ਮਹੀਨੇ ਦੌਰਾਨ ਕੀਤੀ ਗਈ ਸਖ਼ਤ ਪੜਤਾਲ ਵਿਚ ਕੁੱਲ 43,068 ਯਾਤਰੀ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ। ਇਨ੍ਹਾਂ ਡਿਫਾਲਟਰ ਯਾਤਰੀਆਂ ਕੋਲੋਂ ਜੁਰਮਾਨੇ ਵਜੋਂ ਲਗਭਗ 3.10 ਕਰੋੜ ਰੁਪਏ ਦਾ ਮਾਲੀਆ (ਰੈਵੇਨਿਊ) ਵਸੂਲ ਕਰਕੇ ਰੇਲਵੇ ਖ਼ਜ਼ਾਨੇ ਵਿਚ ਜਮ੍ਹਾ ਕਰਵਾਇਆ ਗਿਆ ਹੈ। ਟਰੇਨਾਂ ਤੋਂ ਇਲਾਵਾ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਗੰਦਗੀ ਫੈਲਾਉਣ ਤੋਂ ਰੋਕਣ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਮੰਡਲ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਿਤ ਜਾਂਚ ਕੀਤੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਮਈ ਮਹੀਨੇ ਵਿਚ ਸਟੇਸ਼ਨ ਦੀ ਹੱਦ ਅੰਦਰ ਗੰਦਗੀ ਫੈਲਾਉਣ ਵਾਲੇ 361 ਯਾਤਰੀਆਂ ਖ਼ਿਲਾਫ਼ ‘ਐਂਟੀ-ਲਿਟਰਿੰਗ ਐਕਟ’ ਤਹਿਤ ਕਾਰਵਾਈ ਕਰਦਿਆਂ 55 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਵਿਚ ਟਿਕਟ ਚੈਕਿੰਗ ਦੀ ਇਹ ਮੁਹਿੰਮ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਜਾਇਜ਼ ਟਿਕਟ ਲੈ ਕੇ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਸੁਰੱਖਿਅਤ, ਸੁਖਾਵਾਂ ਅਤੇ ਆਰਾਮਦਾਇਕ ਸਫ਼ਰ ਮੁਹੱਈਆ ਕਰਵਾਉਣਾ ਹੈ। ਬਸੰਤ ਕੁਮਾਰ ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਫ਼ਿਰੋਜ਼ਪੁਰ ਨੇ ਦੱਸਿਆ ਕਿ ਚੈਕਿੰਗ ਰਾਹੀਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਬਿਨਾਂ ਟਿਕਟ ਯਾਤਰੀਆਂ ਕਾਰਨ ਕਾਨੂੰਨ ਦੀ ਪਾਲਣਾ ਕਰਨ ਵਾਲੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
'ਜਾਂ ਤਾਂ ਨਸ਼ਾ ਛੱਡ ਦੇ ਨਹੀਂ ਤਾਂ ਮੈਨੂੰ ਛੱਡ ਦੇ...' ਨਸ਼ੇੜੀ ਪਤੀਆਂ ਤੋਂ ਰਿਸ਼ਤਾ ਤੋੜਣ ਲੱਗੀਆਂ ਪਤਨੀਆਂ
NEXT STORY