ਅੰਮ੍ਰਿਤਸਰ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਨੇ ਡਾ. ਵਿਵੇਕ ਬਿੰਦਰਾ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦਾ ਫਿਲਮਾਂਕਣ ਕਰਨ ਅਤੇ ਸਿੱਖ ਇਤਿਹਾਸ ਨੂੰ ਗ਼ਲਤ ਰੂਪ ਵਿਚ ਪੇਸ਼ ਕਰਨ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਉਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਡਾ. ਵਿਵੇਕ ਬਿੰਦਰਾ ਵਿਰੁੱਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਵਾਉਣ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਸਰਗਰਮ ਡਾ. ਵਿਵੇਕ ਬਿੰਦਰਾ ਨੇ ਆਪਣੇ ਇਕ ਵੀਡੀਓ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਦੀਵਾਨ ਟੋਡਰ ਮੱਲ ਬਾਰੇ ਇਕ ਐਨੀਮੇਸ਼ਨ ਵੀਡੀਓ ਪਾਈ ਸੀ, ਜਿਸ ਸਬੰਧੀ ਵੱਖ-ਵੱਖ ਸੰਗਤਾਂ ਵੱਲੋਂ ਸ਼੍ਰੋਮਣੀ ਕਮੇਟੀ ਕੋਲ ਇਤਰਾਜ਼ ਪੁੱਜੇ ਹਨ। ਇਸ ਦੇ ਨਾਲ ਹੀ ਉਸ ਨੇ ਇਤਿਹਾਸ ਨੂੰ ਵੀ ਗ਼ਲਤ ਪੇਸ਼ ਕੀਤਾ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਰਮਦਾਸ ਨੇ ਕਿਹਾ ਕਿ ਇਸ ਮਾਮਲੇ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ, ਜਿਸ ਤਹਿਤ ਸਬੰਧਤ ਵਿਰੁੱਧ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਅਤੇ ਪੁਲਸ ਪ੍ਰਸਾਸ਼ਨ ਨੂੰ ਵੀ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਮਰਹੂਮ ਸਿੱਧੂ ਮੂਸੇਵਾਲਾ ਦੀ ਮਾਂ ਨੇ ਬਾਂਹ ’ਤੇ ਬਣਵਾਇਆ ਪੁੱਤ ਦੇ ਨਾਂ ਦਾ ਟੈਟੂ
ਉਨ੍ਹਾਂ ਦੱਸਿਆ ਕਿ ਡਾ. ਬਿੰਦਰਾ ਦੀ ਵੀਡੀਓ ਦੀ ਜਾਂਚ ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਰਾਹੀਂ ਕਰਵਾਈ ਗਈ ਹੈ, ਜਿਸ ’ਚ ਸਾਹਮਣੇ ਆਇਆ ਹੈ ਕਿ ਡਾ. ਬਿੰਦਰਾ ਨੇ ਦੀਵਾਨ ਟੋਡਰ ਮੱਲ ਨੂੰ ਜੈਨ ਸਮਾਜ ਨਾਲ ਜੋੜ ਕੇ ਇਤਿਹਾਸ ਵਿਗਾੜਿਆ ਹੈ। ਇਸ ਤੋਂ ਇਲਾਵਾ ਵੀਡੀਓ ’ਚ ਦੀਵਾਨ ਟੋਡਰ ਮੱਲ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਾਰਤਾਲਾਪ ਵੀ ਇਤਿਹਾਸਕ ਤੌਰ ’ਤੇ ਨਿਰਾਧਾਰ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸਿੱਖ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਦਾ ਫਿਲਮਾਂਕਣ ਕਰਨਾ ਵਰਜਿਤ ਹੋਣ ਦੇ ਬਾਵਜੂਦ ਡਾ. ਬਿੰਦਰਾ ਨੇ ਅਜਿਹਾ ਕਰਨ ਦੀ ਵੀ ਅਵੱਗਿਆ ਕੀਤੀ ਹੈ। ਡਾ. ਬਿੰਦਰਾ ਦੀ ਇਸ ਹਰਕਤ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੁਖੀਆਂ ਹਨ, ਜਿਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਉਸ ਵਿਰੁੱਧ ਕਾਰਵਾਈ ਨੂੰ ਅਮਲ ’ਚ ਲਿਆਂਦਾ ਗਿਆ ਹੈ।
ਇਹ ਖਬਰ ਵੀ ਪੜ੍ਹੋ : ਵੱਡੀ ਖ਼ਬਰ : ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਕੀਤਾ ਭੰਗ
ਜਲੰਧਰ: ਕਮਿਊਨਿਟੀ ਹਾਲ ਬਣਾਉਣ ਲਈ 60 ਲੱਖ ਦੀ ਗਰਾਂਟ ’ਚ ਵੱਡਾ ਘਪਲਾ ਆਇਆ ਸਾਹਮਣੇ
NEXT STORY