ਅੰਮ੍ਰਿਤਸਰ (ਸਰਬਜੀਤ)- ਗੁਰਬਾਣੀ ਦੇ ਲਾਈਵ ਟੈਲੀਕਾਸਟ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਲਾਈਵ ਟੈਲੀਕਾਸਟ ਦੇ ਸਾਰੇ ਕਾਨੂੰਨੀ ਅਤੇ ਪ੍ਰਸਾਰਣ ਅਧਿਕਾਰ ਕੇਵਲ ਸ਼੍ਰੋਮਣੀ ਕਮੇਟੀ ਕੋਲ ਸੁਰੱਖਿਅਤ ਹਨ। ਕਿਸੇ ਵੀ ਚੈਨਲ ਜਾਂ ਸੰਸਥਾ ਵੱਲੋਂ ਬਿਨਾਂ ਲਿਖਤੀ ਮਨਜ਼ੂਰੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨਾ ਕਾਨੂੰਨੀ ਤੌਰ 'ਤੇ ਜਾਇਜ਼ ਨਹੀਂ ਹੈ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ-ਵਿਧਾਨ ਸਭਾ 'ਚ ਬਾਜਵਾ ਦਾ ਵੱਡਾ ਦਾਅਵਾ: ਪੰਜਾਬ ਪੁਲਸ ਦੇ ਅਫਸਰਾਂ ਦਾ ਗੈਂਗਸਟਰਾਂ ਨਾਲ ਤਾਲਮੇਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇੱਕ ਨਿੱਜੀ ਚੈਨਲ ਵੱਲੋਂ ਸਿਰਫ਼ ਇੱਕ ਪੱਤਰ ਭੇਜ ਕੇ ਆਪਣੇ ਤੌਰ 'ਤੇ ਗੁਰਬਾਣੀ ਦਾ ਲਾਈਵ ਟੈਲੀਕਾਸਟ ਸ਼ੁਰੂ ਕਰਨਾ ਹੈਰਾਨੀਜਨਕ ਅਤੇ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਵੀ ਚੈਨਲ ਨੂੰ ਨਾ ਕੋਈ ਮਨਜ਼ੂਰੀ ਦਿੱਤੀ ਗਈ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਵੱਲੋਂ ਇਸ ਸਬੰਧੀ ਕੋਈ ਸਹਿਮਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਇੱਕ ਕਾਨੂੰਨੀ ਐਕਟ ਅਧੀਨ ਚੱਲਣ ਵਾਲੀ ਸੰਸਥਾ ਹੈ ਅਤੇ ਇਸ ਦੇ ਸਾਰੇ ਫ਼ੈਸਲੇ ਨਿਯਮਾਂ ਅਤੇ ਕਾਰਜਕਾਰਨੀ ਦੀ ਮਨਜ਼ੂਰੀ ਨਾਲ ਹੀ ਲਾਗੂ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ
ਧਾਮੀ ਨੇ ਕਿਹਾ ਕਿ ਪੀਟੀਸੀ ਨਾਲ ਹੋਇਆ ਪਹਿਲਾਂ ਦਾ ਸਮਝੌਤਾ ਸਮਾਪਤ ਹੋ ਚੁੱਕਾ ਹੈ ਅਤੇ ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧਾਂ ਰਾਹੀਂ ਗੁਰਬਾਣੀ ਦੇ ਪ੍ਰਸਾਰਣ ਦੀ ਵਿਵਸਥਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਹਰ ਮਹੀਨੇ ਲਗਭਗ 12 ਲੱਖ ਰੁਪਏ ਦਾ ਖਰਚ ਆਉਂਦਾ ਸੀ, ਜਦਕਿ ਹੁਣ ਇਹ ਰਕਮ ਬਚ ਰਹੀ ਹੈ ਅਤੇ ਹਰ ਸਾਲ ਕਰੀਬ 1 ਕਰੋੜ 44 ਲੱਖ ਰੁਪਏ ਗੁਰੂ ਘਰ ਦੀ ਸੇਵਾ, ਧਾਰਮਿਕ ਕਾਰਜਾਂ ਅਤੇ ਹੋਰ ਲੋਕ-ਭਲਾਈ ਦੇ ਕੰਮਾਂ ਲਈ ਉਪਲਬਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੀ ਪਹਿਲਾਂ ਆਪਣੇ ਫ਼ੈਸਲੇ ਵਿੱਚ ਸਪੱਸ਼ਟ ਕਰ ਚੁੱਕੀ ਹੈ ਕਿ ਗੁਰਬਾਣੀ ਦੇ ਲਾਈਵ ਟੈਲੀਕਾਸਟ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਹੈ। ਇਸ ਲਈ ਕਿਸੇ ਵੀ ਚੈਨਲ ਵੱਲੋਂ ਆਪਣੇ ਆਪ ਨੂੰ ਅਧਿਕਾਰਤ ਦੱਸਣਾ ਜਾਂ ਬਿਨਾਂ ਪ੍ਰਵਾਨਗੀ ਪ੍ਰਸਾਰਣ ਕਰਨਾ ਅਦਾਲਤੀ ਫ਼ੈਸਲੇ ਦੀ ਭਾਵਨਾ ਦੇ ਵੀ ਉਲਟ ਹੈ।
ਇਹ ਵੀ ਪੜ੍ਹੋ- ਗੁਰਦਸਾਪੁਰ ਵਾਸੀ ਦੇਣ ਧਿਆਨ, ਤੁਹਾਡੇ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ
ਐਸਜੀਪੀਸੀ ਪ੍ਰਧਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਯੂਟਿਊਬ, ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਧਿਕਾਰਤ ਸਰੋਤ ਤੋਂ ਕੀਤੇ ਜਾਣ ਵਾਲੇ ਸ਼ੇਅਰ ਅਤੇ ਸੈਟੇਲਾਈਟ ਚੈਨਲ ਰਾਹੀਂ ਸੁਤੰਤਰ ਲਾਈਵ ਟੈਲੀਕਾਸਟ ਦੋ ਵੱਖਰੇ ਮਾਮਲੇ ਹਨ। ਸੈਟੇਲਾਈਟ ਪ੍ਰਸਾਰਣ ਦਾ ਅਧਿਕਾਰ ਕੇਵਲ ਸ਼੍ਰੋਮਣੀ ਕਮੇਟੀ ਕੋਲ ਹੈ ਅਤੇ ਇਸ ਸਬੰਧੀ ਕੋਈ ਵੀ ਫ਼ੈਸਲਾ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੋ ਸਕਦਾ।
ਧਾਮੀ ਨੇ ਦੋਸ਼ ਲਾਇਆ ਕਿ ਕੁਝ ਲੋਕ ਅਤੇ ਕੁਝ ਮੀਡੀਆ ਅਦਾਰੇ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਇਹ ਪ੍ਰਚਾਰ ਕਰ ਰਹੇ ਹਨ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ, ਜਦਕਿ ਅਸਲ ਵਿੱਚ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਹਰ ਲੋੜੀਂਦਾ ਕਾਨੂੰਨੀ ਕਦਮ ਚੁੱਕੇਗੀ ਅਤੇ ਕਿਸੇ ਵੀ ਸੰਸਥਾ ਨੂੰ ਗੁਰਬਾਣੀ ਦੇ ਲਾਈਵ ਟੈਲੀਕਾਸਟ ਦੇ ਅਧਿਕਾਰਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅੰਤ ਵਿੱਚ ਧਾਮੀ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਸਿਰਫ਼ ਤੱਥਾਂ 'ਤੇ ਆਧਾਰਿਤ ਅਤੇ ਸੰਤੁਲਿਤ ਰਿਪੋਰਟਿੰਗ ਕੀਤੀ ਜਾਵੇ, ਤਾਂ ਜੋ ਸੰਗਤ ਵਿੱਚ ਕਿਸੇ ਕਿਸਮ ਦਾ ਭਰਮ ਜਾਂ ਗਲਤਫ਼ਹਿਮੀ ਪੈਦਾ ਨਾ ਹੋਵੇ। ਇਸ ਮੌਕੇ ਭਾਈ ਰਜਿੰਦਰ ਸਿੰਘ ਮਹਿਤਾ, ਮੈਂਬਰ ਬਾਵਾ ਸਿੰਘ ਗੁਮਾਨਪੁਰਾ ,ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਮੇਜਰ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਾਰੀ ਮੀਂਹ ਦਾ ਕਹਿਰ, ਮਾਛੀਵਾੜਾ 'ਚ ਡਿੱਗੀ ਘਰ ਦੀ ਛੱਤ, ਇਕ ਦੀ ਮੌਤ
NEXT STORY