ਲੁਧਿਆਣਾ/ਮਾਛੀਵਾੜਾ ਸਾਹਿਬ (ਰਾਜ/ਟੱਕਰ) - ਕੂੰਮਕਲਾਂ ਪੁਲਸ ਵਲੋਂ ਪੇਕੇ ਪਰਿਵਾਰ ਦੇ ਆਉਣ ਤੋਂ ਪਹਿਲਾਂ ਹੀ ਸਹੁਰਾ ਪਰਿਵਾਰ ਨੇ ਮ੍ਰਿਤਕ ਵਿਆਹੁਤਾ ਦਾ ਅੰਤਿਮ ਸਸਕਾਰ ਕਰ ਦਿੱਤਾ ਅਤੇ ਲੜਕੀ ਦੇ ਮਾਪਿਆਂ ਦੇ ਬਿਆਨਾਂ ਦੇ ਅਧਾਰ ’ਤੇ ਸਹੁਰਾ ਪਰਿਵਾਰ ਦੇ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੱਸ ਅੱਕੀ ਕੌਰ, ਸਹੁਰਾ ਜੀਤੀ, ਧਰਮਾ ਸਿੰਘ, ਕਰਮਜੀਤ ਸਿੰਘ ਬਾਬਾ (ਦੋਵੇਂ ਦਿਓਰ) ਅਤੇ ਮਾਸੀ ਭੂੰਡੀ ਵਜੋਂ ਹੋਈ ਹੈ।
ਪੁਲਸ ਕੋਲ ਦਲਜੀਤ ਸਿੰਘ ਵਾਸੀ ਪਿੰਡ ਬੂਟਾ, ਥਾਣਾ ਸੁਭਾਨਪੁਰ ਨੇ ਬਿਆਨ ਦਰਜ ਕਰਵਾਏ ਕਿ ਉਸਦੀ ਲੜਕੀ ਪੂਜਾ ਨੇ ਸੰਨ 2021 ਵਿਚ ਆਪਣੀ ਮਰਜ਼ੀ ਨਾਲ ਚਰਨਜੀਤ ਸਿੰਘ ਉਰਫ਼ ਚੰਨਾ ਵਾਸੀ ਚੌਂਤਾ ਨਾਲ ਲਵ-ਮੈਰਿਜ ਕਰਵਾਈ ਸੀ। ਉਨ੍ਹਾਂ ਦੇ ਇਕ ਧੀ ਪੈਦਾ ਹੋਈ। ਇਸ ਸਮੇਂ ਉਸ ਦਾ ਜਵਾਈ ਚਰਨਜੀਤ ਸਿੰਘ ਚੰਨਾ ਜੇਲ੍ਹ ਵਿਚ ਬੰਦ ਹੈ। ਪਿਤਾ ਅਨੁਸਾਰ ਲੜਕੀ ਵੱਲੋਂ ਲਵ ਮੈਰਿਜ ਕਰਵਾਉਣ ਕਾਰਨ ਉਸ ਦੇ ਸਹੁਰਾ ਘਰ ਉਨ੍ਹਾਂ ਦਾ ਆਉਣਾ ਜਾਣਾ ਬਹੁਤ ਘੱਟ ਸੀ।
ਲੰਘੀ 27 ਮਾਰਚ ਨੂੰ ਸਵੇਰੇ ਲੜਕੀ ਦੇ ਸਹੁਰਾ ਪਰਿਵਾਰ ਦਾ ਫੋਨ ਆਇਆ ਕਿ ਪੂਜਾ ਦੀ ਮੌਤ ਹੋ ਗਈ ਹੈ, ਜਿਸ ’ਤੇ ਉਨ੍ਹਾਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਫੋਨ ਕਰ ਕੇ ਕਿਹਾ ਕਿ ਉਸ ਦਾ ਅੰਤਿਮ ਸਸਕਾਰ ਸਾਡੇ ਆਏ ’ਤੇ ਹੀ ਕਰਿਓ। ਅੱਗੋਂ ਪੂਜਾ ਦੀ ਸੱਸ ਨੇ ਕਿਹਾ ਕਿ ਅਸੀਂ ਅੰਤਿਮ ਸਸਕਾਰ ਕਰ ਦਿੱਤਾ ਹੈ। ਪਿਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਜਦੋਂ ਉਹ ਪਿੰਡ ਚੌਂਤਾ ਪੁੱਜੇ ਤਾਂ ਸਾਨੂੰ ਆਪਣੇ ਤੌਰ ’ਤੇ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਲੜਕੀ ਪੂਜਾ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਨਹੀਂ ਹੋਈ। ਬਿਆਨਕਰਤਾ ਅਨੁਸਾਰ ਉਨ੍ਹਾਂ ਨੂੰ ਸ਼ੱਕ ਹੈ ਕਿ ਸਹੁਰਾ ਪਰਿਵਾਰ ਦੀ ਵਧੀਕੀ ਕਾਰਨ ਪੂਜਾ ਦੀ ਮੌਤ ਹੋਈ ਹੈ, ਪੁਲਸ ਵੱਲੋਂ ਇਸ ਸਬੰਧੀ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਪੈ ਗਏ ਗੜੇ, ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋਇਆ ALERT! ਜਾਣੋ ਤਾਜ਼ਾ ਅਪਡੇਟ (ਵੀਡੀਓ)
NEXT STORY