ਚੰਡੀਗੜ੍ਹ (ਗੰਭੀਰ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਦਰਜ ਐੱਫ.ਆਈ.ਆਰ. ਖ਼ਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਇਹ ਕਲਪਨਾ ਤੋਂ ਬਾਹਰ ਹੈ ਕਿ ਕਾਨੂੰਨੀ ਰੂਪ ’ਚ ਵਿਆਹੁਤਾ ਔਰਤ ਨੂੰ ਵਿਆਹ ਦਾ ਵਾਅਦਾ ਕਰ ਕੇ ਸਰੀਰਕ ਸਬੰਧ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਜਸਟਿਸ ਸ਼ਾਲਿਨੀ ਸਿੰਘ ਨਾਗਪਾਲ ਨੇ ਕਿਹਾ ਕਿ ਜਦੋਂ ਇਕ ਪੂਰੀ ਤਰ੍ਹਾਂ ਪ੍ਰਪੱਕ, ਵਿਆਹੁਤਾ ਔਰਤ ਵਿਆਹ ਦੇ ਵਾਅਦੇ ’ਤੇ ਸਰੀਰਕ ਸਬੰਧ ਬਣਾਉਣ ਲਈ ਸਹਿਮਤੀ ਦਿੰਦੀ ਹੈ ਤੇ ਅਜਿਹਾ ਕਰਨਾ ਜਾਰੀ ਰੱਖਦੀ ਹੈ ਤਾਂ ਇਹ ਵਿਆਹ ਸੰਸਥਾ ਦੀ ਲਾਪਰਵਾਹੀ ਨਾਲ ਕੀਤੀ ਗਈ ਉਲੰਘਣਾ ਮਾਤਰ ਹੈ ਨਾ ਕਿ ਤੱਥ ਦੀ ਗ਼ਲਤ ਧਾਰਨਾ ਰਾਹੀਂ ਪ੍ਰੇਰਿਤ ਕਰਨ ਦਾ ਕੰਮ। ਅਜਿਹੇ ਮਾਮਲੇ ’ਚ ਪਟੀਸ਼ਨਕਰਤਾ ’ਤੇ ਅਪਰਾਧਿਕ ਜ਼ਿੰਮੇਵਾਰੀ ਤੈਅ ਕਰਨ ਲਈ ਆਈ.ਪੀ.ਸੀ. ਦੀ ਧਾਰਾ 90 ਲਾਗੂ ਨਹੀਂ ਕੀਤੀ ਜਾ ਸਕਦੀ। ਸਪੱਸ਼ਟ ਰੂਪ ’ਚ ਔਰਤ ਪਟੀਸ਼ਨਕਰਤਾ ਨਾਲ ਇਕ ਸਾਲ ਤੋਂ ਵੱਧ ਸਮੇਂ ਤੱਕ ਸਹਿਮਤੀ ਨਾਲ ਸਬੰਧ ’ਚ ਸੀ, ਜਿਸ ਦੌਰਾਨ ਉਹ ਆਪਣੇ ਪਤੀ ਨਾਲ ਵਿਆਹੀ ਹੋਈ ਸੀ।
ਜੱਜ ਨੇ ਕਿਹਾ ਕਿ ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿ ਔਰਤ ਨੇ ਪਟੀਸ਼ਨਕਰਤਾ ਵੱਲੋਂ ਕੀਤੇ ਗਏ ਵਾਅਦੇ ਦੇ ਪ੍ਰਭਾਵ ’ਚ ਤੱਥਾਂ ਦੀ ਗ਼ਲਤ ਧਾਰਨਾ ਤਹਿਤ ਪਟੀਸ਼ਨਕਰਤਾ ਨਾਲ ਸਰੀਰਕ ਸਬੰਧ ਬਣਾਉਣ ਦੀ ਕਿਰਿਆ ’ਚ ਹਿੱਸਾ ਲਿਆ। ਅਦਾਲਤ ਨੇ ਕਿਹਾ ਕਿ ਜੇ ਐੱਫ.ਆਈ.ਆਰ. ਤੇ ਇਸ ਤੋਂ ਬਾਅਦ ਸੀ.ਆਰ.ਪੀ.ਸੀ. ਦੀ ਧਾਰਾ 164 ਤਹਿਤ ਦਿੱਤੇ ਗਏ ਬਿਆਨ ’ਚ ਪਟੀਸ਼ਨਕਰਤਾ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਵੀ ਸਹੀ ਮੰਨ ਲਿਆ ਜਾਵੇ ਤਾਂ ਵੀ ਇਹ ਕਲਪਨਾ ਤੋਂ ਪਰ੍ਹੇ ਹੈ ਕਿ ਕਾਨੂੰਨੀ ਰੂਪ ’ਚ ਵਿਆਹੁਤਾ ਔਰਤ ਨੂੰ ਵਿਆਹ ਦਾ ਵਾਅਦਾ ਕਰ ਕੇ ਸਰੀਰਕ ਸਬੰਧ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਲੰਬੇ ਸਮੇਂ ਤੱਕ ਪਟੀਸ਼ਨਕਰਤਾ ਨਾਲ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਔਰਤ ਨੂੰ ਭਾਵਨਾਤਮਕ ਝਟਕਾ ਲੱਗਿਆ ਜਦੋਂ ਉਸ ਦੀ ਸਕੀ ਭੈਣ ਨੇ ਪਟੀਸ਼ਨਕਰਤਾ ਨਾਲ ਮੰਗਣੀ ਕਰ ਲਈ ਤੇ ਬਦਲੇ ’ਚ ਮਾਮਲਾ ਦਰਜ ਕਰਵਾਇਆ।
ਅਦਾਲਤ ਆਈ.ਪੀ.ਸੀ. ਦੀ ਧਾਰਾ 376 (2) (ਐੱਨ), 406, 506, 509, ਧਾਰਾ 34 ਤੇ ਆਈ.ਪੀ.ਸੀ. ਦੀ ਧਾਰਾ 406 ਤੇ 509 ਤਹਿਤ ਦਰਜ ਐੱਫ.ਆਈ.ਆਰ. ਰੱਦ ਕਰਨ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਔਰਤ ਵਿਆਹੁਤਾ ਹੈ, ਪੇਸ਼ੇ ਤੋਂ ਵਕੀਲ ਹੈ ਤੇ ਉਸ ਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਹੈ। ਉੁਸ ਨੇ ਦੋਸ਼ ਲਾਇਆ ਕਿ ਮੁਲਜ਼ਮ ਜੋ ਖ਼ੁਦ ਵੀ ਇਕ ਵਕੀਲ ਹੈ, ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਉਸ ਦੇ ਪਰਿਵਾਰ ਨੇ ਵੀ ਇਸ ਲਈ ਉਤਸ਼ਾਹਿਤ ਕੀਤਾ। ਹਾਲਾਂਕਿ ਬਾਅਦ ’ਚ ਮੁਲਜ਼ਮ ਨਾਲ ਸਬੰਧ ਬਣਾਉਣ ਲਈ ਉਕਸਾਉਣ ਤੋਂ ਬਾਅਦ ਉਸ ਦੇ ਪਿਤਾ, ਮਾਤਾ ਤੇ ਭਰਾ ਨੇ ਉਸ ਦੀ ਛੋਟੀ ਭੈਣ ਦੀ ਮੰਗਣੀ ਉਸ ਨਾਲ ਕਰ ਦਿੱਤੀ।
ਈ-ਚਲਾਨ ਪ੍ਰਣਾਲੀ ਲਾਗੂ ਕਰਨ ’ਚ ਹੁਣ ਨਹੀਂ ਚੱਲੇਗੀ ਟਾਲ-ਮਟੋਲ, ਹਾਈ ਕੋਰਟ ਨੇ ਦਿੱਤੇ ਹੁਕਮ
NEXT STORY