ਜਲੰਧਰ (ਮ੍ਰਿਦੁਲ) - ਮਿਲਾਪ ਚੌਕ ਸਥਿਤ ਮੋਨਿਕਾ ਟਾਵਰ ’ਚ ਬੀਤੀ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਫੈਲ ਗਿਆ, ਜਦੋਂ ਮੋਨਿਕਾ ਟਾਵਰ ਦੀ ਬੇਸਮੈਂਟ ’ਚ ਸਥਿਤ ਬੀ. ਡੀ. ਐੱਸ. ਗਾਰਮੈਂਟਸ ’ਚ ਅਚਾਨਕ ਅੱਗ ਲੱਗ ਗਈ। ਕੁਝ ਹੀ ਮਿੰਟਾਂ ’ਚ ਅੱਗ ਇੰਨੀ ਫੈਲ ਗਈ ਕਿ ਧੂੰਆਂ ਬਾਹਰਲੇ ਬਾਜ਼ਾਰ ਤਕ ਪਹੁੰਚ ਗਿਆ। ਰਾਹਗੀਰ ਅਤੇ ਹੋਰ ਦੁਕਾਨਦਾਰ ਡਰ ਗਏ, ਜਿਨ੍ਹਾਂ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਇਸ ਦੌਰਾਨ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ, ਜਿਨ੍ਹਾਂ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਦਿੰਦੇ ਹੋਏ ਬੀ. ਡੀ. ਐੱਸ. ਗਾਰਮੈਂਟਸ ਦੇ ਭੁਪਿੰਦਰ ਨੇ ਦੱਸਿਆ ਕਿ ਇਹ ਦੁਕਾਨ ਉਨ੍ਹਾਂ ਦੀ ਭਤੀਜੇ ਸ਼ੈਂਟੀ ਦੀ ਹੈ। ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਲਗਭਗ 9 ਵਜੇ ਆਪਣੀ ਦੁਕਾਨ ਬੰਦ ਕਰ ਕੇ ਮਾਡਲ ਹਾਊਸ ਸਥਿਤ ਆਪਣੇ ਘਰ ਜਾ ਰਿਹਾ ਸੀ, ਜਦੋਂ ਰਸਤੇ ਵਿਚ ਉਸਨੂੰ ਕਿਸੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਤੁਹਾਡੇ ਸ਼ੋਅਰੂਮ ’ਚ ਅੱਗ ਲੱਗ ਗਈ ਹੈ, ਜਿਸ ’ਤੇ ਉਹ ਤੁਰੰਤ ਸ਼ੋਅਰੂਮ ਵਾਪਸ ਆਇਆ ਅਤੇ ਪੁਲਸ ਨੂੰ ਸੂਚਿਤ ਕੀਤਾ।
ਭੁਪਿੰਦਰ ਨੇ ਦੱਸਿਆ ਕਿ ਜਦੋਂ ਉਸਨੇ ਸ਼ੋਅਰੂਮ ਦੇ ਅੰਦਰ ਦੇਖਿਆ ਤਾਂ ਅੱਗ ਦੀਆਂ ਲਪਟਾਂ ਦਾ ਧੂੰਆਂ ਸ਼ੋਅਰੂਮ ਦੇ ਅੰਦਰੋਂ ਮੁੱਖ ਸੜਕ ਤਕ ਨਿਕਲ ਰਿਹਾ ਸੀ। ਨੇੜਲੇ ਦੁਕਾਨਦਾਰਾਂ ਸਮੇਤ ਹੋਰ ਰਾਹਗੀਰ ਮੌਕੇ ’ਤੇ ਰੁਕ ਗਏ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਭੁਪਿੰਦਰ ਦੇ ਅਨੁਸਾਰ ਸ਼ੋਅਰੂਮ ਵਿਚ ਕੱਪੜਿਆਂ ਦਾ ਬਹੁਤ ਵੱਡਾ ਸਟਾਕ ਸੀ ਅਤੇ ਕੱਲ ਸਵੇਰੇ ਲਗਭਗ 5-6 ਲੱਖ ਰੁਪਏ ਦੇ ਕੱਪੜਿਆਂ ਦਾ ਇਕ ਹੋਰ ਸਟਾਕ ਆਰਡਰ ਕੀਤਾ ਗਿਆ ਸੀ, ਜੋ ਕਿ ਸਾਰਾ ਸੜ ਕੇ ਸੁਆਹ ਹੋ ਗਿਆ ਹੈ। ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਹੀ ਦੱਸਿਆ ਜਾ ਸਕੇਗਾ ਕਿ ਕਿੰਨਾ ਨੁਕਸਾਨ ਹੋਇਆ ਹੈ।
ਅੱਗ ਬੁਝਾਊ ਦਸਤੇ ਦੀਆਂ 8 ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਲਗਭਗ 2 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੀ ਖ਼ਬਰ ਸੁਣਦਿਆਂ ਹੀ ਕੌਂਸਲਰ ਸ਼ੈਰੀ ਚੱਢਾ ਅਤੇ ਵਿਧਾਇਕ ਰਮਨ ਅਰੋੜਾ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪਹੁੰਚੇ ਅਤੇ ਸ਼ੋਅਰੂਮ ਮਾਲਕ ਨੂੰ ਦਿਲਾਸਾ ਦਿੱਤਾ।

ਕਪੂਰਥਲਾ ਪੁਲਸ ਹੱਥ ਲੱਗੀ ਵੱਡੀ ਸਫਲਤਾ! 24 ਘੰਟਿਆਂ 'ਚ ਸੁਲਝਾਇਆ ਕਿਡਨੈਪਿੰਗ ਤੇ ਕਤਲ ਕੇਸ
NEXT STORY