ਕੋਟਕਪੂਰਾ (ਨਰਿੰਦਰ ਬੈੜ੍ਹ)- ਸਥਾਨਕ ਲੱਭੂ ਰਾਮ ਸਟਰੀਟ ਨੇੜੇ ਡੇਰਾ ਸਤਿਕਾਰ ਕੋਲ ਅੱਜ ਇਕ ਘਰ ਵਿਚ ਗੈਸ ਸਿਲੰਡਰ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਕੋਟਕਪੂਰਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਲੋਕਾਂ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਹਾਲਾਂਕਿ ਉਦੋਂ ਤੱਕ ਘਰ ਦਾ ਜ਼ਿਆਦਾਤਰ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਪਰਿਵਾਰ ਮੁਤਾਬਕ ਅੱਗ ਕਾਰਨ ਕਰੀਬ ਡੇਢ ਤੋਂ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪਰਿਵਾਰ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਇਸ ਗਲੀ ਵਿਚ ਰਹਿਣ ਵਾਲੇ ਸ਼ਾਮ ਲਾਲ ਧੀਂਗੜਾ ਅੱਜ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਦੇ ਸਬੰਧ ਵਿਚ ਪਰਿਵਾਰ ਨਾਲ ਸ੍ਰੀ ਮੁਕਤਸਰ ਸਾਹਿਬ ਗਏ ਹੋਏ ਸਨ ਅਤੇ ਘਰ ਵਿਚ ਕੋਈ ਵੀ ਮੌਜੂਦ ਨਹੀਂ ਸੀ। ਇਸ ਦੌਰਾਨ ਗੁਆਂਢੀਆਂ ਨੇ ਘਰ ਵਿਚੋਂ ਧੂੰਆਂ ਨਿਕਲਦਾ ਦੇਖਿਆ। ਕੁਝ ਸਮੇਂ ਬਾਅਦ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ। ਮੁੱਢਲੀ ਜਾਣਕਾਰੀ ਅਨੁਸਾਰ ਗੈਸ ਸਿਲੰਡਰ ਨੂੰ ਅੱਗ ਲੱਗਣ ਤੋਂ ਬਾਅਦ ਸਿਲੰਡਰ ਫਟ ਗਿਆ ਅਤੇ ਅੱਗ ਤੇਜ਼ੀ ਨਾਲ ਪੂਰੇ ਘਰ ਵਿਚ ਫੈਲ ਗਈ।
ਹਾਲਾਂਕਿ ਸਿਲੰਡਰ ਨੂੰ ਅੱਗ ਕਿਸ ਤਰ੍ਹਾਂ ਲੱਗੀ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ।ਇਸ ਮੌਕੇ ਸ਼ਾਮ ਲਾਲ ਧੀਂਗੜਾ ਅਤੇ ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ ਸੀ। ਫਾਇਰ ਕਰਮਚਾਰੀਆਂ ਨੇ ਕਾਫੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਘਰ ਦਾ ਕਾਫੀ ਸਮਾਨ ਸੜ ਚੁੱਕਾ ਸੀ।ਫਾਇਰ ਅਫਸਰ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਅੱਗ ਕਾਰਨ ਹੋਏ ਨੁਕਸਾਨ ਬਾਰੇ ਪਰਿਵਾਰਕ ਮੈਂਬਰ ਹੀ ਵਿਸਥਾਰ ਨਾਲ ਜਾਣਕਾਰੀ ਦੇ ਸਕਦੇ ਹਨ।
ਪੰਜਾਬ: Love Marriage ਦੀ ਰੰਜ਼ਿਸ਼ 'ਚ ਮੁੰਡੇ ਦਾ ਕਤਲ, ਕੁੜੀ ਵਾਲਿਆਂ ਨੇ ਪਿਓ-ਪੁੱਤ ਨੂੰ ਮਾਰੀਆਂ ਸੀ ਗੋਲੀਆਂ
NEXT STORY