ਚੰਡੀਗੜ੍ਹ (ਪ੍ਰੀਕਸ਼ਿਤ) : ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬੀਊਨਲ ਨੇ ਸਾਢੇ ਚਾਰ ਸਾਲ ਪਹਿਲਾਂ ਕਾਰ ਹਾਦਸੇ ਕਾਰਨ ਸ਼ੂਗਰ ਮਿੱਲ ਫਾਇਰਮੈਨ ਦੀ ਮੌਤ ਦੇ ਮਾਮਲੇ ’ਚ ਪਰਿਵਾਰ ਨੂੰ 9 ਫ਼ੀਸਦੀ ਸਲਾਨਾ ਵਿਆਜ ਦਰ ਨਾਲ 26 ਲੱਖ 94 ਹਜ਼ਾਰ 484 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਮਾਮਲੇ ਦੀ ਸੁਣਵਾਈ ਕਰਦੇ ਹੋਏ ਟ੍ਰਿਬੀਊਨਲ ਨੇ ਹਾਦਸੇ ਲਈ ਮੁਲਜ਼ਮ ਕਾਰ ਚਾਲਕ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਇਹ ਹਾਦਸਾ ਚਾਲਕ ਦੀ ਲਾਪਰਵਾਹੀ ਦਾ ਨਤੀਜਾ ਸੀ, ਜਿਸ ’ਚ ਬਾਈਕ ਸਵਾਰ ਰਾਜੇਸ਼ ਕੁਮਾਰ ਗੰਭੀਰ ਜ਼ਖਮੀ ਹੋ ਗਿਆ ਅਤੇ ਬਾਅਦ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਟ੍ਰਿਬੀਊਨਲ ਦੇ ਹੁਕਮਾਂ ਤਹਿਤ ਮੁਆਵਜ਼ੇ ਦੀ ਰਕਮ ਦਾ ਭੁਗਤਾਨ, ਜਿਸ ਵਾਹਨ ਨਾਲ ਹਾਦਸਾ ਹੋਇਆ, ਉਸ ਦੀ ਬੀਮਾ ਕੰਪਨੀ ਕਰੇਗੀ। ਅਦਾਲਤ ਨੇ ਕਿਹਾ ਕਿ ਹਾਦਸੇ ਸਮੇਂ ਮੁਲਜ਼ਮ ਕਾਰ ਚਾਲਕ ਕੋਲ ਵੈਧ ਡਰਾਈਵਿੰਗ ਲਾਇਸੈਂਸ ਅਤੇ ਬੀਮਾ ਸੀ। ਇਸ ਲਈ ਬੀਮਾ ਕੰਪਨੀ ਨੂੰ ਹੀ ਮੁਆਵਜ਼ੇ ਦੀ ਰਕਮ ਦਾ ਭੁਗਤਾਨ ਪੀੜਤ ਦਾਅਵੇਦਾਰਾਂ ਨੂੰ ਕਰਨਾ ਹੋਵੇਗਾ। ਸੁਣਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੇਸ ਪੈਂਡਿੰਗ ਰਹਿੰਦੇ ਹੋਏ ਰਾਜੇਸ਼ ਕੁਮਾਰ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸਦੀ ਪਤਨੀ, ਬੇਟਾ ਅਤੇ ਦੋ ਬੇਟੀਆਂ ਨੂੰ ਕਾਨੂੰਨੀ ਵਾਰਸਾਂ ਵਜੋਂ ਸ਼ਾਮਲ ਕੀਤਾ ਗਿਆ।
ਇਹ ਸੀ ਮਾਮਲਾ
ਦਾਇਰ ਮਾਮਲੇ ਤਹਿਤ ਹਾਦਸੇ ਦੇ ਬਾਅਦ ਮੋਟਰ ਐਕਸੀਡੈਂਟ ਕਲੇਮ ਟ੍ਰਿਬੀਊਨਲ ਚੰਡੀਗੜ੍ਹ ’ਚ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ। ਦਾਇਰ ਪਟੀਸ਼ਨ ’ਚ ਬਿਨੈਕਾਰਾਂ ਵੱਲੋਂ ਦੱਸਿਆ ਗਿਆ ਕਿ ਰਾਜੇਸ਼ ਕੁਮਾਰ ਨਵਾਂਸ਼ਹਿਰ ਸਥਿਤ ਦੋਆਬਾ ਕੋ-ਆਪਰੇਟਿਵ ਸ਼ੂਗਰ ਮਿੱਲ ’ਚ ਫਾਇਰਮੈਨ ਵਜੋਂ ਕੰਮ ਕਰਦਾ ਸੀ। ਘਟਨਾ ਵਾਲੇ ਦਿਨ 19 ਨਵੰਬਰ, 2020 ਨੂੰ ਰਾਜੇਸ਼ ਆਪਣੇ ਮੋਟਰਸਾਈਕਲ ’ਤੇ ਜਾਂਦਲੀ ਪਿੰਡ ਤੋਂ ਨਵਾਂਸ਼ਹਿਰ ਸਥਿਤ ਦੋਆਬਾ ਕੋ-ਆਪਰੇਟਿਵ ਸ਼ੂਗਰ ਮਿੱਲ ਜਾ ਰਿਹਾ ਸੀ। ਜਦੋਂ ਉਹ ਵੈਸ਼ਨੋ ਢਾਬੇ ਨੇੜੇ ਸੜਕ ’ਤੇ ਮੁੜ ਰਿਹਾ ਸੀ, ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਸੜਕ ’ਤੇ ਡਿੱਗ ਪਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਰੂਪਨਗਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਪੰਜ ਮਹੀਨਿਆਂ ਤੱਕ ਨਹੀਂ ਜਾ ਸਕਿਆ ਕੰਮ ’ਤੇ, ਇਲਾਜ ਦੌਰਾਨ ਹੋਈ ਮੌਤ
ਇਸ ਹਾਦਸੇ ਦਾ ਸ਼ਿਕਾਰ ਹੋਏ ਪੀੜਤ ਰਾਜੇਸ਼ ਨੇ ਹੀ ਹਾਦਸੇ ਦੇ ਬਾਅਦ ਮੋਟਰ ਵਾਹਨ ਐਕਟ ਦੇ ਤਹਿਤ 50 ਲੱਖ ਦੇ ਮੁਆਵਜ਼ੇ ਦੀ ਮੰਗ ਕਰਦੇ ਹੋਏ ਦਾਅਵਾ ਪਟੀਸ਼ਨ ਦਾਇਰ ਕੀਤੀ ਸੀ। ਉਸਨੇ ਟ੍ਰਿਬੀਊਨਲ ਨੂੰ ਦੱਸਿਆ ਕਿ ਹਾਦਸੇ ਦੇ ਸਮੇਂ ਉਹ ਨਵਾਂਸ਼ਹਿਰ ਸਥਿਤ ਸ਼ੂਗਰ ਮਿੱਲ ’ਚ ਫਾਇਰਮੈਨ ਵਜੋਂ ਕੰਮ ਕਰ ਰਿਹਾ ਸੀ ਅਤੇ ਉਸਦੀ ਮਹੀਨਾਵਾਰ ਆਮਦਨ 36,335 ਰੁਪਏ ਸੀ। ਇਸ ਹਾਦਸੇ ਕਾਰਨ ਉਹ 40 ਫ਼ੀਸਦੀ ਤੱਕ ਦਿਵਿਆਂਗ ਹੋ ਗਿਆ ਦਿੱਤਾ ਅਤੇ ਲਗਭਗ ਪੰਜ ਮਹੀਨੇ ਤੱਕ ਕੰਮ ’ਤੇ ਨਹੀਂ ਜਾ ਸਕਿਆ। ਮਾਮਲੇ ਦੀ ਸੁਣਵਾਈ ਦੌਰਾਨ ਹੀ ਰਾਜੇਸ਼ ਦੀ ਮੌਤ ਹੋ ਗਈ। ਟ੍ਰਿਬੀਊਨਲ ਨੇ ਸਾਹਮਣੇ ਆਈ ਐੱਫ.ਆਈ.ਆਰ., ਮੈਡੀਕਲ ਰਿਕਾਰਡ, ਇਲਾਜ ਦੇ ਬਿੱਲਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਮੰਨਿਆ ਕਿ ਹਾਦਸਾ ਕਾਰ ਡਰਾਈਵਰ ਵੱਲੋਂ ਤੇਜ਼ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਹੋਇਆ ਸੀ। ਇਸ ਲਈ ਪਟੀਸ਼ਨਕਰਤਾ ਦੀ ਮੌਤ ਦੇ ਬਾਅਦ ਉਸ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਰਕਮ ਅਦਾ ਕੀਤੀ ਜਾਵੇ।
'ਆਪ' ਸਰਕਾਰ 'ਤੇ ਵਰ੍ਹੇ ਸੁਖਪਾਲ ਖਹਿਰਾ, ਵਾਤਾਵਰਣ ਨੂੰ ਤਬਾਹ ਕਰਨ ਤੇ ਭੂਮੀ ਮਾਫ਼ੀਆ ਨਾਲ ਮਿਲੀਭੁਗਤ ਦੇ ਲਾਏ ਦੋਸ਼
NEXT STORY