ਮੇਹਟੀਆਣਾ (ਸੰਜੀਵ) : ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਅੱਤੋਵਾਲ ਵਿਖੇ ਬੀਤੀ ਦੇਰ ਰਾਤ ਵਕਤ ਕਰੀਬ 11:30 ਵਜੇ ਹੁਸ਼ਿਆਰਪੁਰ ਫਗਵਾੜਾ ਮਾਰਗ ਤੋਂ 10 ਗਜ ਦੀ ਦੂਰੀ 'ਤੇ ਸਥਿਤ ਇਕ ਘਰ ਦੇ ਗੇਟ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਦਿੰਦਿਆਂ ਬਜ਼ੁਰਗ ਔਰਤ ਜਗੀਰ ਕੌਰ ਜੋ ਕਿ ਆਪਣੀਆਂ ਦੋ ਵਿਧਵਾ ਨੂੰਹਾਂ ਨਾਲ ਘਰ ਵਿਚ ਰਹਿੰਦੀ ਹੈ, ਨੇ ਦੱਸਿਆ ਕਿ ਉਹ ਰਾਤ ਆਪਣੇ ਘਰ ਅੰਦਰ ਸੁੱਤੀਆਂ ਹੋਈਆਂ ਸਨ ਤਾਂ ਵਕਤ ਕਰੀਬ ਸਾਢੇ ਗਿਆਰਾਂ ਵਜੇ ਉਨ੍ਹਾਂ ਨੇ ਪਟਾਕੇ ਚੱਲਣ ਦੀ ਕੋਈ ਆਵਾਜ਼ ਸੁਣੀ। ਇਹ ਸੋਚ ਕੇ ਬਾਹਰ ਕੋਈ ਪਟਾਕੇ ਚਲਾ ਰਿਹਾ ਹੋਵੇਗਾ, ਮੁੜ ਸੌਂ ਗਈਆਂ। ਇਸ ਦੌਰਾਨ ਜਦੋਂ ਸਵੇਰ ਵੇਲੇ ਉੱਠ ਕੇ ਬਾਹਰੀ ਗੇਟ ਵਿਚ ਸੁਰਾਖ ਹੋਏ ਦੇਖੇ ਅਤੇ ਉਨ੍ਹਾਂ ਨੇ ਆਸ ਪਾਸ ਦੇ ਲੋਕਾਂ ਨੂੰ ਦੱਸਿਆ ਤਾਂ ਇਕੱਤਰ ਲੋਕਾਂ ਨੇ ਗੇਟ ਵਿਚ ਹੋਏ ਸੁਰਾਖ ਦੇਖ ਕੇ ਗੋਲੀ ਚੱਲਣ ਦਾ ਸ਼ੱਕ ਜ਼ਾਹਿਰ ਕੀਤਾ। ਜਿਸ ਦੀ ਸੂਚਨਾ ਥਾਣਾ ਮੇਹਟੀਆਣਾ ਦੀ ਪੁਲਸ ਨੂੰ ਦਿੱਤੀ ਗਈ।
ਬਜ਼ੁਰਗ ਔਰਤ ਜਗੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਬੈਠਕ ਨੂੰ ਲੱਗੇ ਜਾਲੀ ਵਾਲੇ ਦਰਵਾਜ਼ੇ ਵਿਚ ਵੀ ਸੁਰਾਖ ਦਿਸਣ ਤੇ ਬੈਠਕ ਵਿਚ ਦੇਖਿਆ ਗਿਆ ਤਾਂ ਬੈਠਕ ਵਿੱਚੋਂ ਗੋਲੀ ਦਾ ਖੋਲ ਬਰਾਮਦ ਹੋਇਆ। ਜੋ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਬਜ਼ੁਰਗ ਔਰਤ ਮੁਤਾਬਿਕ ਹਮਲਾਵਰਾਂ ਵੱਲੋਂ ਤਿੰਨ ਤੋਂ ਚਾਰ ਫਾਇਰ ਕੀਤੇ ਗਏ। ਥਾਣਾ ਮੇਹਟੀਆਣਾ ਤੋਂ ਮੁੱਖ ਅਫਸਰ ਇੰਸਪੈਕਟਰ ਊਸ਼ਾ ਰਾਣੀ ਨੇ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਾਇਰਿੰਗ ਦਾ ਸ਼ਿਕਾਰ ਹੋਏ ਘਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕਿਸੇ ਕਿਸਮ ਦੀ ਕੋਈ ਵੀ ਰੰਜਿਸ਼ ਨਹੀਂ ਹੈ। ਇਹ ਫਾਇਰ ਕਿਸ ਨੇ ਅਤੇ ਕਿਉਂ ਕੀਤੇ ਹਨ, ਫਿਲਹਾਲ ਇਹ ਪੁਲਸ ਲਈ ਜਾਂਚ ਦਾ ਵਿਸ਼ਾ ਬਣ ਚੁੱਕਾ ਹੈ।
ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਜਾਣੋ ਕਦੋਂ ਪਵੇਗਾ ਮੀਂਹ
NEXT STORY