ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿਖੇ ਗਲੀ 'ਚ ਮਕਾਨ ਦੇ ਨਿਰਮਾਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਖੂਨੀ ਰੂਪ ਧਾਰ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਇਕ ਧਿਰ ਦੇ ਨੌਜਵਾਨਾਂ ਨੇ ਦੂਜੀ ਧਿਰ 'ਤੇ ਇੱਟਾਂ-ਰੌੜਿਆਂ ਨਾਲ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਕੁਝ ਸਮੇਂ ਬਾਅਦ ਇਕ ਵਿਅਕਤੀ ਰਿਵਾਲਵਰ ਲੈ ਕੇ ਆਇਆ ਅਤੇ ਉਸ ਨੇ ਗੁਆਂਢੀਆਂ ਦੇ ਘਰ ਅੱਗੇ ਜਾ ਕੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਮੌਕਾ ਵਾਰਦਾਤ 'ਤੇ ਜਿਵੇਂ ਹੀ ਪੁਲਸ ਪਹੁੰਚੀ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।
ਉਧਰ ਪੀੜਤ ਧਿਰ ਨੇ ਕਿਹਾ ਕਿ ਸਿਆਸੀ ਦਬਾਅ ਕਾਰਨ ਪੁਲਸ ਮੁਲਜ਼ਮਾਂ 'ਤੇ ਕਾਰਵਾਈ ਨਹੀਂ ਕਰ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੀ ਸੁਣਵਾਈ ਹੋ ਰਹੀ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਚਮਨ ਲਾਲ ਨੇ ਕਿਹਾ ਕਿ ਉਨ੍ਹਾਂ ਦੇ ਘਰ ਨਾਲ ਡੀ. ਜੇ. ਮਾਲਕ ਦਾ ਪਲਾਟ ਹੈ ਅਤੇ ਜਦੋਂ ਉਸ ਨੇ ਨਾਜਾਇਜ਼ ਤੌਰ 'ਤੇ ਲੈਂਟਰ ਪਾਇਆ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਅਤੇ ਇਸ ਸਬੰਧੀ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਚਮਨ ਲਾਲ ਨੇ ਕਿਹਾ ਕਿ ਬੀਤੀ ਰਾਤ ਉਕਤ ਧਿਰ ਵਲੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਇੱਟਾਂ ਰੋੜਿਆਂ ਤੋਂ ਇਲਾਵਾ ਗੋਲੀਆਂ ਵੀ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਪੁਲਸ ਮੁਲਜ਼ਮਾਂ ਖਿਲਾਫ ਕਾਰਵਾਈ ਨਹੀਂ ਕਰ ਰਹੀ ਹੈ।
ਜਾਂਚ ਅਧਿਕਾਰੀ ਮੁਤਾਬਕ ਹਮਲਾ ਕਰਨ ਵਾਲੇ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਵੀ ਕਰ ਦਿੱਤਾ ਗਿਆ ਹੈ ਜਦ ਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਥੇ ਹੀ ਗੋਲੀ ਚਲਾਉਣ ਵਾਲੇ ਵਿਅਕਤੀ ਦਾ ਨਾਂ ਪਰਚੇ 'ਚੋਂ ਕੱਢਣ ਦੇ ਦੋਸ਼ਾਂ ਨੂੰ ਜਾਂਚ ਅਧਿਕਾਰੀ ਨੇ ਨਾਕਾਰਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਦਾ ਨਾਂ ਐੱਫ. ਆਈ. ਆਰ. 'ਚ ਦਰਜ ਹੈ ਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਅੰਮ੍ਰਿਤਸਰ 'ਚ ਗੋਲੀ ਚੱਲਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਮਾਮਲਿਆਂ 'ਚ ਲੋਕਾਂ ਵਲੋਂ ਕਾਨੂੰਨ ਨੂੰ ਛਿੱਕੇ ਟੰਗ ਕੇ ਅਸਲੇ ਦਾ ਇਸਤੇਮਾਲ ਕੀਤਾ ਜਾਂਦਾ ਹੈ। ਫਿਲਹਾਲ ਅਜਿਹੇ ਮਾਮਲਿਆਂ 'ਤੇ ਠੱਲ ਪਾਉਣ ਲਈ ਪੁਲਸ ਨੂੰ ਸਖਤ ਰੁਖ ਅਖਤਿਆਰ ਕਰਨ ਦੀ ਲੋੜ ਹੈ।
ਲੁਧਿਆਣਾ : ਇਲਾਕੇ ਦਾ ਵਿਕਾਸ ਕਰਵਾਉਣ ਲਈ ਲੋਕ ਮੰਗ ਰਹੇ ਹਨ ਭੀਖ
NEXT STORY