ਫਿਰੋਜ਼ਪੁਰ (ਖੁੱਲਰ) : ਆਰਿਫ ਕੇ ਦੇ ਅਧੀਨ ਆਉਂਦੇ ਪਿੰਡ ਬੱਗੇ ਵਾਲਾ ਵਿਖੇ ਇਕ ਵਿਅਕਤੀ ਦੀ ਭੈਣ ਵਿਆਹੀ ਹੋਈ ਹੈ, ਜਿਸ ਦੇ ਸਹੁਰੇ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗੇ। ਜਦੋਂ ਉਹ ਇਸ ਦਾ ਉਲਾਂਭਾ ਦੇਣ ਗਿਆ ਤਾਂ ਭੈਣ ਦੇ ਸਹੁਰੇ ਪਰਿਵਾਰ ਵੱਲੋਂ ਗੋਲੀਆਂ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧ ਵਿਚ ਥਾਣਾ ਆਰਿਫ ਕੇ ਪੁਲਸ ਨੇ 3 ਬਾਏ ਨੇਮ ਵਿਅਕਤੀਆਂ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਜਗਰਾਜ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਕਮਾਲਾ ਮਿੱਡੂ ਨੇ ਦੱਸਿਆ ਕਿ ਉਹ ਦੋ ਭੈਣ-ਭਰਾ ਹਨ ਤੇ ਉਸ ਦੀ ਭੈਣ ਪ੍ਰਭਜੋਤ ਕੌਰ ਜਗਜੀਤ ਸਿੰਘ ਪੁੱਤਰ ਦਲਵਿੰਦਰ ਸਿੰਘ ਵਾਸੀ ਪਿੰਡ ਬੱਗੇ ਵਾਲਾ ਨਾਲ ਵਿਆਹੀ ਹੋਈ ਹੈ। ਉਹ ਮੇਰੀ ਭੈਣ ਨਾਲ ਕੁੱਟਮਾਰ ਕਰਦਾ ਹੈ ਅਤੇ ਤੰਗ-ਪਰੇਸ਼ਾਨ ਕਰਦਾ ਹੈ। ਜਗਰਾਜ ਸਿੰਘ ਨੇ ਦੱਸਿਆ ਕਿ ਮਿਤੀ 14 ਮਈ 2025 ਨੂੰ ਉਹ ਅਤੇ ਉਸ ਦਾ ਚਾਚਾ ਬਲਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਸਾਡੇ ਪਿੰਡ ਦੇ ਨਜ਼ਦੀਕ ਪਿੰਡ ਬੱਗੂ ਵਾਲਾ ਵਿਖੇ ਕਬੱਡੀ ਟੂਰਨਾਮੈਂਟ ਵੇਖਣ ਗਏ ਸੀ ਤਾਂ ਕਰੀਬ 6.45 ਵਜੇ ਜਗਜੀਤ ਸਿੰਘ ਪੁੱਤਰ ਦਲਵਿੰਦਰ ਸਿੰਘ ਮਸੱਲਾ ਰਿਵਾਲਵਰ, ਅਕਾਸ਼ਦੀਪ ਸਿੰਘ ਪੁੱਤਰ ਗੁਰਮੀਤ ਸਿੰਘ, ਮੰਗਲ ਸਿੰਘ ਪੁੱਤਰ ਸਾਹਿਬ ਸਿੰਘ ਵਾਸੀਅਨ ਬੱਗੇ ਵਾਲਾ ਅਤੇ ਇਕ ਅਣਪਛਾਤੇ ਵਿਅਕਤੀ ਸਾਰੇ ਜਾਣੇ ਉਸ ਕੋਲ ਆ ਗਏ।
ਅਕਾਸ਼ਦੀਪ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਇਸ ਨੂੰ ਜਗਜੀਤ ਸਿੰਘ ਦੇ ਘਰ ਉਲਾਂਭਾ ਦੇਣ ਦਾ ਮਜ਼ਾ ਚਖਾ ਦਿਓ ਤੇ ਜਗਜੀਤ ਸਿੰਘ ਨੇ ਮੁਸੱਲਾ ਰਿਵਾਲਵਰ ਦੇ ਫਾਇਰ ਉਸ ’ਤੇ ਸਿੱਧੇ ਕੀਤੇ, ਜੋ ਉਸ ਦੀ ਧੌਣ ਦੇ ਖੱਬੇ ਪਾਸੇ ਛਾਤੀ ਦੇ ਖੱਬੇ ਪਾਸੇ ਪੇਟ ਦੇ ਉਪਰ ਢਿੱਡ ਵਿਚ ਅਤੇ ਸੱਜੇ ਪੱਟ ਦੇ ਖੱਬੇ ਪਾਸੇ ਤੇ ਸੱਜੇ ਮੋਢੇ ਦੇ ਪਿਛਲੇ ਪਾਸੇ ਲੱਗੇ। ਜਦੋਂ ਉਹ ਜ਼ਮੀਨ ’ਤੇ ਡਿੱਗ ਪਿਆ ਤਾਂ ਉਸ ਦੇ ਚਾਚਾ ਬਲਵਿੰਦਰ ਸਿੰਘ ਨੇ ਮਾਰਤਾ-ਮਾਰਤਾ ਦਾ ਰੌਲਾ ਪਾਇਆ ਤੇ ਇਹ ਸਾਰੇ ਜਣੇ ਆਪਣੇ ਹਥਿਆਰਾਂ ਸਮੇਤ ਆਪਣੇ-ਆਪਣੇ ਮੋਟਰਸਾਈਕਲਾਂ ਤੋਂ ਮੌਕੇ ’ਤੇ ਭੱਜ ਗਏ।
ਜਗਰਾਜ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਵਿੰਦਰ ਸਿੰਘ ਮੌਕੇ ’ਤੇ ਆਏ, ਜਿਨ੍ਹਾਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰ ਕੋਲ ਉਸ ਦਾ ਇਲਾਜ ਚੱਲ ਰਿਹਾ ਹੈ। ਵਜ਼ਾ ਰੰਜ਼ਿਸ਼ ਇਹ ਹੈ ਕਿ ਜਗਜੀਤ ਸਿੰਘ ਵਗੈਰਾ ਉਸ ਦੀ ਭੈਣ ਪ੍ਰਭਜੋਤ ਕੌਰ ਨੂੰ ਤੰਗ-ਪਰੇਸ਼ਾਨ ਕਰਦੇ ਸਨ ਤੇ ਉਹ ਉਨ੍ਹਾਂ ਨੂੰ ਸਮਝਾਉਣ ਲਈ ਜਗਜੀਤ ਸਿੰਘ ਦੇ ਘਰ ਉਲਾਂਭਾ ਦੇਣ ਗਏ ਸੀ। ਇਸੇ ਰੰਜ਼ਿਸ਼ ਕਰਕੇ ਜਗਜੀਤ ਸਿੰਘ ਵਗੈਰਾ ਨੇ ਉਸ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ। ਇਸ ਸਬੰਧ ਵਿਚ ਥਾਣਾ ਆਰਿਫ ਕੇ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਦੋਸ਼ੀ ਜਗਜੀਤ ਸਿੰਘ, ਅਕਾਸ਼ਦੀਪ ਸਿੰਘ, ਮੰਗਲ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਲੁਧਿਆਣਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ
NEXT STORY