ਮੋਹਾਲੀ (ਜੱਸੀ) : ਕੁੱਟਮਾਰ ਅਤੇ ਗੋਲੀ ਮਾਰ ਕੇ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ’ਚ ਥਾਣਾ ਫੇਜ਼-1 ਦੀ ਪੁਲਸ ਵੱਲੋਂ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਨਾਮਜ਼ਦ ਮੁਲਜ਼ਮ ਮਨਮੀਤ ਸਿੰਘ ਸੰਧੂ ਉਰਫ਼ ਸਾਗਰ ਵਾਸੀ ਪਿੰਡ ਮਟੌਰ ਦੀ ਜ਼ਮਾਨਤ ਅਰਜ਼ੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਖ਼ਾਰਜ ਕਰ ਦਿੱਤੀ ਹੈ। ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਸ਼ਿਕਾਇਤਕਰਤਾ ਸਲਮਾਨ ਅੰਸਾਰੀ ਨੇ ਬਿਮਲੇਸ਼, ਰਵੀ, ਪਵਨ, ਮਨਮੀਤ ਸੰਧੂ ਅਤੇ ਪੁਸ਼ਪਿੰਦਰ ਨੂੰ ਹਮਲਾਵਰ ਵਜੋਂ ਨਾਮਜ਼ਦ ਕੀਤਾ ਹੈ। ਮੈਡੀਕਲ ਰਿਕਾਰਡ ਅਨੁਸਾਰ ਸਲਮਾਨ ਦੇ ਖੱਬੇ ਮੋਢੇ ’ਤੇ ਗੋਲੀ ਲੱਗਣ ਦਾ ਜ਼ਖ਼ਮ ਹੈ, ਜਿਸ ਨੂੰ ਡਾਕਟਰ ਨੇ ਗੰਭੀਰ ਦੱਸਿਆ ਹੈ।
ਘਟਨਾ ’ਚ ਸੁਮਨ ਨਾਂ ਦੀ ਔਰਤ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਸੀ। ਸ਼ਿਕਾਇਤਕਰਤਾ ਦੇ ਬਿਆਨਾਂ ਮੁਤਾਬਕ, ਉਹ ਆਪਣੇ ਦੋਸਤ ਸੋਨੂੰ, ਵਿਸ਼ਾਲ, ਡੱਬੂ ਅਤੇ ਕਰਨ ਨਾਲ ਪਰਿਵਾਰਕ ਝਗੜੇ ਦੇ ਮਾਮਲੇ ’ਚ ਮਟੌਰ ਗਿਆ ਸੀ। ਉੱਥੇ ਬਿਮਲੇਸ਼, ਰਵੀ ਵਰਮਾ, ਪਵਨ ਕੁਮਾਰ, ਮਨਮੀਤ ਸੰਧੂ ਅਤੇ ਪੁਸ਼ਪਿੰਦਰ ਕੁਮਾਰ ਨੇ ਕਥਿਤ ਤੌਰ ’ਤੇ ਉਸ ਅਤੇ ਉਸ ਦੇ ਦੋਸਤਾਂ ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਰਾਤ ਕਰੀਬ 10 ਵਜੇ ਮੁੜ ਘੇਰ ਕੇ ਕੁੱਟਮਾਰ ਕੀਤੀ ਗਈ ਅਤੇ ਬਿਮਲੇਸ਼ ਉਰਫ਼ ਬਿਮੀ ਵੱਲੋਂ ਚਲਾਈ ਗੋਲੀ ਸਲਮਾਨ ਦੇ ਖੱਬੇ ਮੋਢੇ ’ਤੇ ਲੱਗੀ। ਅਦਾਲਤ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਚਲਾਨ ਅਜੇ ਪੇਸ਼ ਨਹੀਂ ਹੋਇਆ। ਅਜਿਹੇ ’ਚ ਮੁਲਜ਼ਮ ਨੂੰ ਜ਼ਮਾਨਤ ਦੇਣ ਨਾਲ ਜਾਂਚ ’ਚ ਦਖ਼ਲਅੰਦਾਜ਼ੀ ਜਾਂ ਗਵਾਹਾਂ ’ਤੇ ਦਬਾਅ ਪਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਬਣਦਾ। ਪੁਲਸ ਨੇ ਇਸ ਮਾਮਲੇ ’ਚ ਬੀ.ਐੱਨ.ਐੱਸ. ਦੀਆਂ ਧਾਰਾਵਾਂ 109, 126(2), 191(3), 190 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ ਦੇ ਪਰਿਵਾਰ ਸਣੇ ਕਈ ਪੀੜਤਾਂ ਨਾਲ ਕਰਨਗੇ ਮੁਲਾਕਾਤ
NEXT STORY