ਸਾਹਨੇਵਾਲ/ਕੁਹਾੜਾ (ਜਗਰੂਪ) : ਥਾਣਾ ਸਾਹਨੇਵਾਲ ਅਧੀਨ ਆਉਂਦੇ ਦਿੱਲੀ ਰੋਡ ’ਤੇ ਸਥਿਤ ਇਕ ਰੈਸਟੋਰੈਂਟ ’ਚ ਸ਼ੱਕੀ ਹਾਲਾਤ ’ਚ ਚੱਲੀ ਗੋਲੀ ਨਾਲ ਇਕ ਨੌਜਵਾਨ ਗੰਭੀਰ ਜ਼ਖਮੀਂ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਆਪਰੇਸ਼ਨ ਤੋਂ ਬਾਅਦ ਹਰਮਨਪ੍ਰੀਤ ਸਿੰਘ ਵਾਸੀ ਗਾਲਿਬ ਕਲਾਂ ਦੇ ਢਿੱਡ ’ਚ ਲੱਗੀ ਗੋਲੀ ਨੂੰ ਕੱਢਿਆ ਗਿਆ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਥਾਣੇਦਾਰ ਸੁਬੇਗ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਯੂਥ ਕਾਂਗਰਸ ਆਗੂ ਲੱਕੀ ਸੰਧੂ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਦੇ ਰੈਸਟੋਰੈਂਟ ’ਤੇ ਉਸ ਦੇ ਕੁਝ ਦੋਸਤ ਆਏ ਸਨ, ਜਿਨ੍ਹਾਂ ਨੇ ਦੁਪਹਿਰ ਦਾ ਖਾਣਾ ਇਕੱਠੇ ਖਾਧਾ।
ਇਹ ਵੀ ਪੜ੍ਹੋ : ਮਾਣਹਾਨੀ ਕੇਸ 'ਚ 'ਸੁਖਬੀਰ ਬਾਦਲ' ਦੇ ਜ਼ਮਾਨਤੀ ਵਾਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਖਾਣਾ ਖਾਣ ਤੋਂ ਬਾਅਦ ਇਕ ਨੌਜਵਾਨ ਜੋ ਦੌਧਰ ਕਲਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਨੇ ਬਾਥਰੂਮ ਜਾਣ ਤੋਂ ਪਹਿਲਾਂ ਆਪਣਾ 32 ਬੋਰ ਦਾ ਰਿਵਾਲਵਰ ਹਰਮਨਪ੍ਰੀਤ ਨੂੰ ਫੜ੍ਹਾਇਆ ਪਰ ਰਿਵਾਲਵਰ ਹਰਮਨਪ੍ਰੀਤ ਦੇ ਹੱਥ ’ਚੋਂ ਕਥਿਤ ਤੌਰ ’ਤੇ ਡਿੱਗ ਗਿਆ, ਜਿਸ ’ਚੋਂ ਚੱਲੀ ਗੋਲੀ ਹਰਮਨਪ੍ਰੀਤ ਦੇ ਢਿੱਡ ’ਚ ਲੱਗ ਗਈ, ਜਿਸ ਤੋਂ ਬਾਅਦ ਰੈਸਟੋਰੈਂਟ 'ਚ ਹਫੜਾ-ਦਫੜੀ ਮਚ ਗਈ। ਜਾਂਚ ਅਧਿਕਾਰੀ ਸੁਬੇਗ ਸਿੰਘ ਨੇ ਦੱਸਿਆ ਕਿ ਉਸ ਦੇ ਵਾਰ-ਵਾਰ ਕਹਿਣ ’ਤੇ ਵੀ ਰਿਵਾਲਵਰ ਅਤੇ ਰਿਵਾਲਵਰ ਮਾਲਕ ਨੂੰ ਥਾਣੇ ਪੇਸ਼ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਸ਼ਰਾਬ ਪਿਲਾਉਣ ਮਗਰੋਂ ਪਲੰਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪਥ ਮਿਲੀ ਲਾਸ਼
ਜੇ ਰੁੱਕਾ ਨਾ ਆਉਂਦਾ ਤਾਂ ਦੱਬ ਜਾਂਦਾ ਮਾਮਲਾ
ਥਾਣੇਦਾਰ ਸੁਬੇਗ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਪੁਲਸ ਨੂੰ ਹਸਪਤਾਲ ਤੋਂ ਰੁੱਕਾ ਨਾ ਆਉਂਦਾ ਤਾਂ ਇਹ ਪੂਰਾ ਮਾਮਲਾ ਹੀ ਇਸ ਤਰ੍ਹਾ ਗਾਇਬ ਹੋ ਜਾਂਦਾ, ਜਿਵੇਂ ਘਟਨਾ ਸਥਾਨ ਤੋਂ ਖੂਨ ਦੇ ਦਾਗ਼, ਗੋਲੀ ਦਾ ਖੋਲ੍ਹ ਅਤੇ ਰਿਵਾਲਵਰ ਦਾ ਅਸਲ ਮਾਲਕ ਗਾਇਬ ਪਾਏ ਗਏ ਹਨ। ਪੁਲਸ ਰਿਵਾਲਵਰ ਦੇ ਅਸਲ ਮਾਲਕ ਦਾ ਪਤਾ ਲਾਉਣ ਦੇ ਨਾਲ ਹੀ ਗੋਲੀ ਦਾ ਖੋਲ੍ਹ ਅਤੇ ਜ਼ਖਮੀਂ ਦੇ ਬਿਆਨ ਦਰਜ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਵਿਧਵਾ ਬੀਬੀ ਵੱਲੋਂ ਲਾਏ ਜਬਰ-ਜ਼ਿਨਾਹ ਦੇ ਦੋਸ਼ਾਂ 'ਤੇ 'ਸਿਮਰਜੀਤ ਬੈਂਸ' ਦਾ ਬਿਆਨ ਆਇਆ ਸਾਹਮਣੇ
ਗੋਲੀ ਚੱਲਣ ਦਾ ਕਾਰਣ ਪਤਾ ਲਾਉਣ ’ਚ ਜੁੱਟੀ ਪੁਲਸ
ਥਾਣਾ ਪੁਲਸ ਗੋਲੀ ਚੱਲਣ ਦੇ ਅਸਲ ਹਾਲਾਤ ਦਾ ਪਤਾ ਲਾਉਣ ’ਚ ਜੁੱਟੀ ਹੋਈ ਹੈ, ਜਿਸ ਲਈ ਜ਼ਖਮੀਂ ਹੋਏ ਹਰਮਨਪ੍ਰੀਤ ਸਿੰਘ ਦੇ ਹੋਸ਼ ’ਚ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਸ ਰੈਸਟੋਰੈਂਟ ’ਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਹਾਸਲ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ’ਚ ਜੇਕਰ ਪੁਲਸ ਉੱਪਰ ਕਿਸੇ ਤਰ੍ਹਾਂ ਦਾ ਸਿਆਸੀ ਦਬਾਅ ਨਾ ਹੋਇਆ ਤਾਂ ਪੁਲਸ ਗੋਲੀ ਚੱਲਣ ਦੇ ਅਸਲ ਹਾਲਾਤ ਦਾ ਜਲਦ ਹੀ ਪਤਾ ਲਾ ਲਵੇਗੀ।
ਮਾਣਹਾਨੀ ਕੇਸ 'ਚ 'ਸੁਖਬੀਰ ਬਾਦਲ' ਦੇ ਜ਼ਮਾਨਤੀ ਵਾਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
NEXT STORY